ਇਸ ਪੁਸਤਕ ਵਿਚ ਲੂਨਾਚਾਰਸਕੀ ਦੇ ਲੇਖਾਂ ਦਾ ਕਰਨਜੀਤ ਸਿੰਘ ਦੁਆਰਾ ਪੰਜਾਬੀ ਅਨੁਵਾਦ ਪੇਸ਼ ਕੀਤਾ ਹੈ। ਲੂਨਾਚਾਰਸਕੀ ਨੇ ਸ਼ਾਸਤ੍ਰੀ ਤੇ ਸਮਕਾਲੀ ਸਾਹਿਤ, ਚਿਤ੍ਰਕਾਰੀ, ਸੰਗੀਤ ਅਤੇ ਮੂਰਤੀਕਲਾ ਦੇ ਭਿੰਨ ਭਿੰਨ ਸਵਾਲਾਂ ਬਾਰੇ ਲਗ ਪਗ 1500 ਲੇਖ ਲਿਖੇ। ਸਾਹਿਤਕ ਅਤੇ ਸੁਹਜ-ਸ਼ਾਸਤ੍ਰੀ ਸਮਸਿਆਵਾਂ ਬਾਰੇ ਲਿਖਿਆ। ਸਮਕਾਲੀ ਕਲਾ ਅਤੇ ਰਾਜਨੀਤੀ ਦੀਆਂ ਅਤਿ ਅਹਿਮ ਸਮੱਸਿਆਵਾਂ ਬਾਰੇ ਪਤਰ ਲਿਖੇ। ਸੰਸਾਰ ਦੇ ਲਗ ਪਗ ਹਰ ਪ੍ਰਸਿੱਧ ਕਲਾਕਾਰ ਨੂੰ ਸਮਰਪਿਤ ਸ਼ਾਨਦਾਰ ਲੇਖ ਲਿਖੇ। ਇਸ ਪੁਸਤਕ ਵਿਚ ਉਸ ਦੇ ਆਲੋਚਨਾਤਮਕ ਲੇਖਾਂ ਦਾ ਕੇਵਲ ਇਕ ਹਿੱਸਾ ਹੀ ਸ਼ਾਮਲ ਕੀਤਾ ਗਿਆ ਹੈ। ਇਹ ਲੇਖ, ਇਹਨਾਂ ਵਿਚ ਵਿਚਾਰੀਆਂ ਗਈਆਂ ਸ਼ਖ਼ਸੀਅਤਾਂ ਦੀ ਸਰਬ-ਵਿਆਪੀ ਸਭਿਆਚਾਰਕ ਮਹੱਤਤਾ ਕਰਕੇ ਹੀ ਨਹੀਂ ਚੁਣੇ ਗਏ, ਸਗੋਂ ੳਸ ਅੰਦਾਜ਼ ਕਰ ਕੇ ਵੀ ਚੁਣੇ ਗਏ ਹਨ ਜਿਸ ਵਿਚ ਆਲੋਚਕ ਦੀ ਆਪਣੀ ਸ਼ਖ਼ਸੀਅਤ ਪ੍ਰਗਟ ਹੁੰਦੀ ਹੈ। ਇਸ ਪੁਸਤਕ ਦੇ ਤਿੰਨ ਭਾਗ ਹਨ ਜਿਨ੍ਹਾਂ ਵਿਚ ਲੂਨਾਚਾਰਸਕੀ ਨੂੰ ਇਕ ਸਿਧਾਂਤਕਾਰ ਅਤੇ ਵਿਚਾਰਵਾਨ ਦੇ ਨਾਤੇ, ਰੂਸੀ ਕਲਾ ਦੇ ਆਲੋਚਕ ਦੇ ਨਾਤੇ, ਅਤੇ ਬਦੇਸ਼ੀ ਕਲਾ ਦੇ ਪਾਰਖੂ ਦੇ ਨਾਤੇ ਦਰਸਾਇਆ ਗਿਆ ਹੈ । ਲੇਖਾਂ ਦੇ ਲਿਖੇ ਜਾਣ ਦੀ ਮਿਤੀ ਦਿਤੀ ਗਈ ਹੈ, ਪਰ ਜਦੋਂ ਕਿਤੇ ਇਹ ਪ੍ਰਾਪਤ ਨਹੀਂ ਹੋ ਸਕੀ ਤਾਂ ਪਹਿਲੇ ਪ੍ਰਕਾਸ਼ਨ ਦੀਆਂ ਤਾਰੀਖਾਂ ਮੁਹੱਈਆ ਕੀਤੀਆ ਗਈਆਂ ਹਨ ।