ਇਨ੍ਹਾਂ ਪੰਨਿਆਂ ਉੱਤੇ ਉਹਨਾਂ ਮੋਇਆਂ ਦੇ ਬੋਲ ਹਨ, ਜਿਹੜੇ 1941-1945 ਦੌਰਾਨ ਨਾਜ਼ੀ ਹਮਲਾਵਰਾਂ ਨਾਲ ਲੜਦੇ ਹੋਏ ਮਾਰੇ ਗਏ । ਇਹ ਉਨ੍ਹਾਂ ਦੇ ਜੀਵਨ ਦੇ ਅੰਤਲੇ ਪਲਾਂ ਵਿਚ ਨਾਜ਼ੀ ਖੁਫੀਆ ਪੁਲਿਸ ਦੀ ਕਿਸੇ ਕਾਲ-ਕੋਠੜੀ, ਜਾਂ ਜੰਗੀ ਕੈਦੀਆਂ ਦੇ ਕਿਸੇ ਬੰਦੀਖਾਨੇ ਜਾਂ ਭਖੇ ਹੋਏ ਰਣ-ਖੇਤਰ ਵਿਚੋਂ ਲਿਖੀਆਂ ਹੋਈਆਂ ਚਿੱਠੀਆਂ ਤੇ ਹੋਰ ਲਿਖਤਾਂ ਹਨ । ਇਨ੍ਹਾਂ ਵਿਚ ਫਾਸ਼ਿਜ਼ਮ ਤੇ ਸੰਸਾਰ ਪਿਛਾਖੜ ਉੱਤੇ ਜਿੱਤ ਪ੍ਰਾਪਤ ਕਰਨ ਲਈ ਜਜ਼ਬਿਆਂ-ਗੁੱਧੀ ਵੰਗਾਰ ਹੈ ; ਤੇ ਜਿਊਂਦੇ ਰਹਿ ਗਏ ਲੋਕਾਂ ਦੇ ਨਾਂਅ ਕੀਤੀ ਗਈ ਇਹ ਅਪੀਲ ਹੈ ਕਿ ਉਹ ਮਨੁੱਖ-ਮਾਤਰ ਦੇ ਭਵਿੱਖ ਦੀ ਖੁਸ਼ੀ ਲਈ ਤੇ ਸਭਨਾਂ ਲੋਕਾਂ ਦੀ ਸਦੀਵੀ ਸ਼ਾਂਤੀ ਲਈ ਜੂਝਦੇ ਰਹਿਣ । ਇਹ ਜੇਲ੍ਹਾਂ ਵਿਚ ਡੱਕੇ ਸੋਵੀਅਤ ਛਾਪਾਮਾਰਾਂ, ਰੂਪੋਸ਼ ਲੜਾਕਿਆਂ, ਸਿਪਾਹੀਆਂ ਤੇ ਨੌਜਵਾਨਾਂ ਤੇ ਮੁਟਿਆਰਾਂ ਵੱਲੋਂ ਲਿਖੇ ਗਏ ਵਿਦਾਇਗੀ ਦੇ ਸ਼ਬਦ, ਉਸ ਸੋਵੀਅਤ ਵਿਅਕਤਿਤਵ ਦੀ ਧੁਰ ਅੰਤਰ ਆਤਮਾ, ਵਿਚ ਝਾਤ ਪੁਆਂਦੇ ਹਨ, ਜਿਸ ਵਿਚ ਸਦਾਚਾਰਕ ਪਵਿੱਤਰਤਾ, ਜਿੱਤ ਵਿਚ ਭਰੋਸਾ, ਵੈਰੀ ਲਈ ਨਫ਼ਰਤ ਅਤੇ ਜੋਸ਼ੀਲੀ ਦੇਸ਼-ਭਗਤੀ ਦੀ ਭਾਵਨਾ ਹੈ ।