ਕਾਵਿਮਈ ਵਾਰਤਕ ਸ਼ੈਲੀ ਵਿਚ ਲਿਖੀ ਪੁਸਤਕ ‘ਪੈਗ਼ੰਬਰ’ ਵਿਚ ਕੁੱਲ 28 ਅਧਿਆਇ ਜਾਂ ਖੰਡ ਹਨ ਅਤੇ ਹਰੇਕ ਅਧਿਆਇ ਵਿਚ ਪਿਆਰ, ਵਿਆਹ, ਸੰਤਾਨ, ਕਿਰਤ-ਕਰਮ, ਸੁੱਖ-ਦੁੱਖ, ਆਤਮ-ਬੋਧ, ਅਧਿਆਪਨ, ਦੋਸਤੀ, ਸਮਾਂ, ਅਰਦਾਸ, ਧਰਮ, ਮੌਤ ਆਦਿ ਜੀਵਨ ਦੇ ਵਿਭਿੰਨ ਰਹੱਸਾਂ ਤੇ ਪਹਿਲੂਆਂ ਨੂੰ ਉਜਾਗਰ ਕਰਦੇ ਤੇ ਅਧਿਆਤਮ ਦੇ ਮਾਰਗ ’ਮਨੁੱਖਤਾ ਦਾ ਮਾਰਗ-ਦਰਸ਼ਨ ਕਰਦੇ ਨਬੀ ‘ਅਲ ਮੁਸਤਫਾ’ ਦੇ 26 ਰੂਹਾਨੀ ਪੈਗ਼ਾਮ ਦਰਜ ਹਨ। ‘ਪੈਗ਼ੰਬਰ’ ਅਸਲ ਵਿਚ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜੋ ਦੋ ਸ਼ਬਦਾਂ ਪੈਗ਼ਾਮ (ਸੁਨੇਹਾ) ਤੇ ਬਰ (ਲੈ ਜਾਣ ਵਾਲਾ) ਤੋਂ ਮਿਲ ਕੇ ਬਣਿਆ ਹੈ, ਭਾਵ ਧਰਮ ਦਾ ਅਸਾ ਨਬੀ ਜਾਂ ਪੈਗ਼ੰਬਰ ਜੋ ਰੱਬੀ ਸੁਨੇਹਾ ਲੋਕਾਂ ਤੱਕ ਲਿਆਵੇ। ਇਸ ਅਨੁਵਾਦਕ ਪੁਸਤਕ ਵਿਚ ਜਿਥੇ ਜਿਥੇ ਉਹਨਾਂ ਵਿਚ ਵਿਚਾਰਧਾਰਕ ਸਾਂਝ ਬਣੀ ਹੈ, ਗੁਰਬਾਣੀ, ਸੂਫੀਆਨਾ ਕਲਾਮ, ਭਗਤੀ-ਕਾਵਿ, ਉਰਦੂ ਸ਼ਾਇਰੀ, ਆਧੁਨਿਕ ਪੰਜਾਬੀ ਕਾਵਿ ਤੇ ਅੰਗਰੇਜ਼ੀ ਸਾਹਿਤ ਵਿਚੋਂ ਹਵਾਲੇ ਦੇਣ ਦਾ ਜਤਨ ਕੀਤਾ ਹੈ।