ਇਸ ਪੁਸਤਕ ਵਿਚ ਲੇਖਕ ਨੇ ਸਿੱਖ ਸਿਧਾਂਤਾਂ ਦੇ ਵਿਸ਼ਲੇਸ਼ਣ ਰਾਹੀਂ ਅਤੇ ਸਿੱਖ ਪਰੰਪਰਾ, ਖ਼ਾਸ ਕਰਕੇ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਕੁਝ ਘਟਨਾਵਾਂ ਲੈ ਕੇ ਇਹ ਸਪੱਸ਼ਟ ਕਰਨ ਦਾ ਸਫਲ ਯਤਨ ਕੀਤਾ ਹੈ ਕਿ ਸਿੱਖੀ ਇਕ ਵਿਲੱਖਣ ਧਰਮ ਹੈ। ਗੁਰੂ ਨਾਨਕ ਸਾਹਿਬ ਨੇ ਸਿਰਫ਼ ਸਿਧਾਂਤਕ ਤੌਰ ’ਤੇ ਹੀ ਸਿੱਖੀ ਨੂੰ ਹਿੰਦੂ ਧਰਮ ਤੋਂ ਵੱਖਰਾ ਨਹੀਂ ਕਿਹਾ, ਸਗੋਂ ਕਈ ਸੰਸਥਾਵਾਂ ਸਿਰਜ ਕੇ ਇਨ੍ਹਾਂ ਸਿਧਾਂਤਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ, ਜਿਸ ਨਾਲ ਸਿੱਖ ਜੀਵਨ-ਜਾਚ ਕਿਸੇ ਵੀ ਹੋਰ ਧਰਮ ਦੁਆਰਾ ਪ੍ਰਚਾਰੀ ਜੀਵਨ-ਜਾਚ ਨਾਲੋਂ ਪੂਰੀ ਤਰ੍ਹਾਂ ਅਲੱਗ ਹੋ ਨਿਬੜਦੀ ਹੈ। ਪਰੰਤੂ ਪਿਛਲੇ ਸਮੇਂ ਵਿਚ ਇਕ ਵਿਸ਼ੇਸ਼ ਵਰਗ ਵੱਲੋਂ ਸਿੱਖੀ ਨੂੰ ਹਿੰਦੂ ਧਰਮ ਦਾ ਅੰਗ ਅਤੇ ਸਿੱਖ ਗੁਰੂ ਸਾਹਿਬਾਨ ਨੂੰ ਅਵਤਾਰ ਸਾਬਤ ਕਰਨ ਦਾ ਨਿਰਾਰਥਕ ਯਤਨ ਕੀਤਾ ਜਾ ਰਿਹਾ ਹੈ। ਇਹ ਪੁਸਤਕ ਸਿੱਖ ਕੌਮ ਨੂੰ ਦਰਪੇਸ਼ ਅਜਿਹੀਆਂ ਬਾਹਰੀ ਅਤੇ ਅੰਦਰੂਨੀ ਚੁਣੌਤੀਆਂ ਬਾਰੇ ਸੁਚੇਤ ਕਰਦੀ ਹੈ ਅਤੇ ਸਿੰਘ ਸਭਾ ਲਹਿਰ ਵਰਗੀ ਇਕ ਹੋਰ ਪੁਨਰ-ਜਾਗ੍ਰਤੀ ਲਹਿਰ ਦੀ ਜ਼ਰੂਰਤ ਬਾਰੇ ਤੀਬਰ ਅਹਿਸਾਸ ਜਗਾਉਂਦੀ ਹੈ।