ਸਿੱਖ ਇਸ ਕਰਕੇ ਵਡਭਾਗੇ ਹਨ ਕਿ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਅਗਵਾਈ ਹਾਸਲ ਹੈ। ਸਿੱਖੀ ਵਿਹਾਰ ਦਾ ਧਰਮ ਹੈ। ਗੁਰੂ ਸਾਹਿਬਾਨ ਨੇ ਆਪਣੇ ਜੀਵਨ ਅਨੁਭਵ ਦੌਰਾਨ ਗੁਰਸਿੱਖੀ ਦੇ ਰਹੱਸ ਪ੍ਰਗਟ ਕੀਤੇ। ਦਸਾਂ ਪਾਤਸ਼ਾਹੀਆਂ ਦਾ ਰੂਹਾਨੀ ਜੀਵਨ ਸਿੱਖਾਂ ਅਤੇ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸੋਮਾ ਹੈ। ਇਸ ਤੋਂ ਇਲਾਵਾ ਸ਼ਹਾਦਤਾਂ ਅਤੇ ਸੂਰਮਗਤੀ ਨਾਲ ਭਰਪੂਰ ਸ਼ਾਨਾਮਤਾ ਇਤਿਹਾਸ ਸਿੱਖਾਂ ਨੂੰ ਦੀਨ ’ਤੇ ਪਹਿਰਾ ਦੇਣ ਦਾ ਸਬਕ ਸਿਖਾਉਂਦਾ ਹੈ। ਅਜੋਕੇ ਚਿੰਤਨ ਦੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਸਿੱਖ ਸਿਧਾਂਤ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਹਨ, ਕਿਉਂਕਿ ਗੁਰਬਾਣੀ ਸਿੱਖਾਂ ਨੂੰ ਸਮੇਂ ਅਤੇ ਸਥਾਨ ਦੇ ਸੀਮਤ ਬੰਧਨਾਂ ਤੋਂ ਆਜ਼ਾਦ ਕਰਦੀ ਹੈ। ਦੂਸਰੇ ਪਾਸੇ ਸਿੱਖਾਂ ਸਾਹਮਣੇ ਵੱਡੀਆਂ ਚੁਣੌਤੀਆਂ ਵੀ ਹਨ। ਸਿੱਖਾਂ ਨੂੰ ਦਰਪੇਸ਼ ਸੰਕਟ ਦਾ ਅੰਦਾਜ਼ਾ ਨੌਜਵਾਨਾਂ ਵਿਚ ਪਨਮ ਰਹੇ ਰੁਝਾਨਾਂ ਤੋਂ ਲਗਾਇਆ ਜਾ ਸਕਦਾ ਹੈ। ਅੱਜ ਸਿੱਖ ਨੌਜਵਾਨ ਦਿਸ਼ਾਹੀਣ ਹੁੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਪੱਤਿਤਪੁਣਾ ਵੱਧ ਰਿਹਾ ਹੈ ਅਤੇ ਇਹ ਨਸ਼ਿਆਂ ਦਾ ਸਹਾਰਾ ਲੈ ਕੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਿਚ ਸਿੱਖ ਲੀਡਰਸ਼ਿਪ ਭੰਬਲਭੂਸੇ ਵਿਚ ਹੈ। ਸਿੱਖ ਬੁੱਧੀਜੀਵੀ-ਵਰਗ ਵੀ ਅਜੋਕੀ ਮੰਡੀ ਅਤੇ ਸਟੇਟ ਦੇ ਚੱਕਰਵਿਊ ਵਿਚ ਫਸ ਗਿਆ ਜਾਪਦਾ ਹੈ। ਸਿੱਖਾਂ ਸਾਹਮਣੇ ਪੈਦਾ ਹੋ ਰਹੇ ਸੰਕਟ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਨੂੰ ਛੱਡ ਕੇ ਸਿੱਖ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੀ ਧਰਤੀ ਦਾ ਇਥੋਂ ਦੇ ਜੰਮਿਆਂ ਲਈ ਪਰਾਇਆ ਹੋ ਜਾਣਾ, ਵੱਡਾ ਦੁਖਾਂਤ ਹੈ। ਇਸ ਦੁਖਾਂਤ ਦੇ ਸਿੱਟੇ ਵਜੋਂ ਸਿੱਖਾਂ ਦੇ ਜੀਵਨ ਵਿਚ ਫੈਲ ਰਹੀ ਨਿਰਾਸ਼ਤਾ ਦੇ ਭੱਖਦੇ ਮਸਲਿਆਂ ’ਤੇ ਚਿੰਤਨ ਸ਼ੁਰੂ ਕਰਨਾ, ਇਸ ਪੁਸਤਕ ਦਾ ਉਦੇਸ਼ ਹੈ।