ਆਜ਼ਾਦੀ ਉਪਰੰਤ ਦੇ ਗਵਰਨਰ ਸ੍ਰੀ ਚੰਦੂ ਲਾਲ ਤਿ੍ਵੇਦੀ ਨੇ ਭਾਰਤੀ ਪੰਜਾਬ ਦੇ ਸਭ ਡਿਪਟੀ ਕਮਿਸ਼ਨਰਾਂ ਨੂੰ ਗੁਪਤ ਸਰਕੁੱਲਰ ਰਾਹੀਂ ਇਹ ਹਦਾਇਤਾਂ ਜਾਰੀ ਕੀਤੀਆਂ ਕਿ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸਿੱਖਾਂ ਨੂੰ ਇਹ ਮੰਨ ਕੇ ਕਿ ਇਹ ਜਰਾਇਮ ਪੇਸ਼ਾ ਕੌਮ ਹੈ, ਇਨ੍ਹਾਂ ਉੱਪਰ ਜਿਤਨੀ ਹੋ ਸਕੇ, ਸਖਤੀ ਕੀਤੀ ਜਾਵੇ। ਕਾਂਗੜਾ ਵਿਖੇ ਡਿਪਟੀ ਕਮਿਸ਼ਨਰ ਵਜੋਂ ਤੈਨਾਤ ਸ. ਕਪੂਰ ਸਿੰਘ (ਆਈ.ਸੀ.ਐੱਸ.) ਨੇ ਇਸ 'ਤੇ ਬੜਾ ਤਕੜਾ ਰੋਸ-ਪੱਤਰ ਤਿ੍ਵੇਦੀ ਨੂੰ ਲਿਖਿਆ ਤੇ ਇਸ ਬਾਰੇ ਆਪਣੀ ਰਚਨਾ ਸਾਚੀ ਸਾਖੀ ਵਿਚ ਇਸ ਦਾ ਜ਼ਿਕਰ ਵੀ ਕੀਤਾ। ਪਰ ਅੱਜ ਉਸ ਗੁਪਤ ਸਰਕੁਲਰ ਦਾ ਕੋਈ ਖੁਰਾ-ਖੋਜ ਨਹੀਂ ਮਿਲਦਾ ਤੇ ਕਈ ਸਵਾਰਥੀ ਵਿਦਵਾਨਾਂ ਵੱਲੋਂ ਇਸ ਸਰਕੁਲਰ ਨੂੰ ਸ. ਕਪੂਰ ਸਿੰਘ ਦੀ ਕਲਪਨਾ ਵੀ ਕਹਿ ਦਿੱਤਾ ਜਾਂਦਾ ਹੈ। ਇਸ ਕਿਤਾਬਚੇ ਵਿਚ ਲੇਖਕ ਨੇ ਸਮਕਾਲੀ ਦਸਤਾਵੇਜਾਂ ਦੀ ਖੋਜ-ਪੜਤਾਲ ਕਰ ਕੇ ਇਹ ਸਿੱਧ ਕੀਤਾ ਹੈ ਕਿ ਇਹ ਗੁਪਤ ਸਰਕੁਲਰ ਵਾਸਤਵਿਕ ਸੀ ਅਤੇ ਉਸ ਨੇ ਬੜੀ ਮਿਹਨਤ ਨਾਲ ਲੱਭੇ ਸਰੋਤਾਂ ਦੇ ਅਧਾਰ 'ਤੇ ਮੁਖੌਟਾਧਾਰੀ ਨਵੇਂ ਹਾਕਮਾਂ ਦੀ ਅਸਲ ਜ਼ਹਿਨੀਅਤ ਨੂੰ ਨੰਗਿਆਂ ਵੀ ਕੀਤਾ ਹੈ।