ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।