ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਬਾਰੇ ਅੰਗਰੇਜ਼ੀ ਵਿਚ ਕਾਫੀ ਕੁਝ ਲਿਖਿਆ ਮਿਲਦਾ ਹੈ, ਜੋ ਉਹਨਾਂ ਦੇ ਗੌਰਵਮਈ ਜੀਵਨ ’ਤੇ ਚਾਨਣ ਪਾਉਂਦਾ ਹੈ। ਉਹਨਾਂ ਦੀ ਜੀਵਨੀ ਪੰਜਾਬ ਤੇ ਕਸ਼ਮੀਰ ਦਾ ਰਾਖਾ: ਜਨਰਲ ਹਰਬਖਸ਼ ਸਿੰਘ, ਪੰਜਾਬੀ ਭਾਸ਼ਾ ਵਿਚ ਲਿਖ ਕੇ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ (ਰਿਟ.) ‘ਸੈਨਾ ਮੈਡਲ’ ਨੇ ਸਾਡੀ ਇਕ ਚਿਕੋਰੀ ਲੋੜ ਨੂੰ ਪੂਰਾ ਕੀਤਾ ਹੈ। ਜਨਰਲ ਹਰਬਖਸ਼ ਸਿੰਘ ਇਕ ਅਦੁੱਤੀ ਜਰਨੈਲ ਸਨ। ਉਹਨਾਂ ਦੀ ਬਹਾਦਰੀ, ਸੂਝ-ਬੂਝ ਤੇ ਦੂਰ-ਦਰਸ਼ੀ ਸੋਚ, ਇਕ ਤੋਂ ਵੱਧ ਵਾਰ ਭਾਰਤ ਦੀ ਪ੍ਰਗਤੀ ਤੇ ਸੁਰੱਖਿਆ ਦੇ ਨਾਜ਼ੁਕ ਮੋੜਾਂ ’ਤੇ ਇਤਿਹਾਸਕ ਤੇ ਫੈਸਲਾਕੁਨ ਸਿੱਧ ਹੁੰਦੀ ਹੈ। ਸਿੱਖ ਰੈਜੀਮੈਂਟ ਤਾਂ ਉਹਨਾਂ ਨੂੰ ਆਪਣਾ ਮੰਨਦੀ ਹੀ ਹੈ, ਨਾਲ ਹੀ ਹਿੰਦੁਸਤਾਨ ਦੀ ਸਮੁੱਚੀ ਸੈਨਾ, ਪੁਰਾਣੇ ਅਫਸਰ, ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਵਾਸੀ ਉਹਨਾਂ ਦਾ ਜ਼ਿਕਰ ਬਹੁਤ ਫਖਰ ਤੇ ਮਾਣ ਨਾਲ ਕਰਦੇ ਹਨ ਤੇ ਕਰਦੇ ਰਹਿਣਗੇ।