ਗੁਰੂ ਗ੍ਰੰਥ ਸਾਹਿਬ ਦਾ ਸੰਕਲਪ ਭਾਰਤੀ ਧਰਮ-ਸਾਧਨਾ ਦੇ ਇਤਿਹਾਸ ਦੀ ਇਕ ਮਹੱਤਵਪੂਰਣ ਘਟਨਾ ਹੈ । ਇਸ ਵਿਚਲੀ ਬਾਣੀ ਅੰਦਰ ਅਨੇਕ ਪ੍ਰਕਾਰੀ ਅਨੁਭਵ ਦੀ ਅਭਿਵਿਅਕਤੀ ਵਿਚ ਹਰਿ-ਭਗਤੀ ਦਾ ਸੰਬੰਧ-ਸੂਤ੍ਰ ਆਦਿ ਤੋਂ ਅੰਤ ਤਕ ਚਲਦਾ ਹੈ । ਪ੍ਰਸਤੁਤ ਵਿਸ਼ਵਕੋਸ਼ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਦਾ ਰੂਪ ਇਕ ਨਵੀਂ ਦਿਸ਼ਾ ਵਲ ਮੋੜਦਾ ਹੈ । ਇਸ ਸੰਦਰਭ-ਗ੍ਰੰਥ ਵਿਚ ਬਾਣੀ, ਬਾਣੀਕਾਰਾਂ, ਧਾਰਮਿਕ ਅਨੁਸ਼ਠਾਨਾਂ, ਅਧਿਆਤਮਿਕ ਸੰਕਲਪਾਂ, ਇਤਿਹਾਸਕ ਅਤੇ ਪੌਰਾਣਿਕ ਹਵਾਲਿਆਂ ਆਦਿ ਬਾਰੇ ਲਗਭਗ 1700 ਇੰਦਰਾਜ ਸ਼ਾਮਿਲ ਕਰਕੇ ਗ੍ਰੰਥ ਸਾਹਿਬ ਵਿਚਲੀ ਸਾਮਗ੍ਰੀ ਦੀ ਅਮੀਰੀ ਨੂੰ ਉਘਾੜਿਆ ਗਿਆ ਹੈ ।