ਭਾਈ ਮਨੀ ਸਿੰਘ ਦਾ ਨਾਂ ਸਿੱਖ ਇਤਿਹਾਸ ਵਿੱਚ ਮਹੱਤਵਪੂਰਣ ਸਥਾਨ ਰਖਦਾ ਹੈ । ਉਹ ਇਕ ਸਿਦਕੀ ਸਿੱਖ ਅਤੇ ਧਰਮ ਹਿੱਤ ਆਪਣਾ ਸਭ ਕੁੱਝ ਵਾਰਨ ਵਾਲੇ ਮਹਾਂਪੁਰਸ਼ ਸਨ । ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਦੁੱਤੀ ਯਤਨ ਕੀਤੇ । ਇਨ੍ਹਾਂ ਯਤਨਾਂ ਦੌਰਾਨ ਉਨ੍ਹਾਂ ਨੇ ਜੋ ਕਥਾ-ਵਾਰਤਾ ਅਤੇ ਗੁਰਮਤਿ ਦੀ ਵਿਆਖਿਆ ਕੀਤੀ, ਉਹ ਉਨ੍ਹਾਂ ਦੇ ਸ਼ਰਧਾਲੂਆਂ ਦੁਆਰਾ ਲਿਖੀ ਰੂਪ ਵਿੱਚ ‘ਗਿਆਨੀ ਰਤਨਾਵਲੀ’ ਅਤੇ ‘ਭਗਤ ਰਤਨਾਵਲੀ’ ਵਿੱਚ ਮੌਜੂਦ ਹੈ । ਇਹ ਦੋਵੇਂ ਰਚਨਾਵਾਂ ਪੁਰਾਤਨ ਪੰਜਾਬੀ ਵਾਰਤਕ ਦੀਆਂ ਮਹੱਤਵਪੂਰਣ ਰਚਨਾਵਾਂ ਹਨ ਅਤੇ ਪੰਜਾਬੀ ਵਾਰਤਕ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਦਿੰਦੀਆਂ ਹਨ । ਇਸ ਤੋਂ ਇਲਾਵਾ ਭਾਈ ਮਨੀ ਸਿੰਘ ਨੇ ਪੁਰਾਤਨ ਬੀਆਂ ਦਾ ਸੰਪਾਦਨ ਕਰਕੇ ਗੁਰਬਾਣੀ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਵਿੱਚ ਵੀ ਆਪਣਾ ਹਿੱਸਾ ਪਾਇਆ ਹੈ । ਭਾਈ ਮਨੀ ਸਿੰਘ ਦੀ ਪੰਜਾਬੀ ਸਾਹਿੱਤ ਅਤੇ ਖਾਸ ਕਰਕੇ ਪੰਜਾਬੀ ਵਾਰਤਕ ਨੂੰ ਦਿੱਤੀ ਦੇਣ ਨੂੰ ਮੁੱਖ ਰਖਦੇ ਹੋਏ ਇਹ ਪੁਸਤਕ ਲਿਖਵਾਈ ਗਈ ਹੈ ।