‘ਚੰਡੀ ਦੀ ਵਾਰ’ ਪੰਜਾਬੀ ਵੀਰ-ਕਾਵਿ ਦੀ ਇਕ ਗੌਰਵਸ਼ਾਲੀ ਰਚਨਾ ਹੈ ਜਿਸ ਵਿਚ ‘ਦੁਰਗਾ ਸਪਤਸ਼ਤੀ’ ਦੇ ਪੌਰਾਣਿਕ ਆਖਿਆਨ ਦਾ ਯੁਗ ਦੀਆਂ ਪਰਿਸਥਿਤੀਆਂ ਅਤੇ ਸਮਸਿਆਵਾਂ ਦੇ ਸਮਾਧਾਨ ਲਈ ਪੁਨਰ-ਸਿਰਜਨ ਹੋਇਆ ਹੈ । ਇਸ ਮਿਥ ਪੁਨਰ-ਸੰਸਥਾਪਨ ਰਾਹੀਂ ਸੰਦੇਸ਼ ਦਿੱਤਾ ਗਿਆ ਹੈ ਕਿ ਕੌਮ ਦੀ ਸਮੁੱਚੀ ਸ਼ਕਤੀ ਅਨਾਚਾਰ ਦੇ ਹੜ੍ਹ ਨੂੰ ਰੋਕ ਸਕਦੀ ਹੈ, ਆਤਮ-ਵਿਸ਼ਵਾਸ ਨਾਲ ਅਸਤਿਤਵ ਸੁਰਖਿਅਤ ਰਹਿੰਦਾ ਹੈ, ਸੰਗਠਿਤ ਸ਼ੂਰਵੀਰਤਾ ਸਦਾ ਵਿਜਯਸ਼ਾਲੀ ਹੁੰਦੀ ਹੈ । ਸਚਮੁਚ ਇਸ ਸੰਦੇਸ਼ ਅਨੁਸਾਰੀ ਕਰਮਸ਼ੀਲਤਾ ਨੇ ਪੰਜਾਬ ਦਾ ਰਾਜਨੈਤਿਕ ਮੂੰਹ ਮੱਥਾ ਸੰਵਾਰ ਦਿੱਤਾ ਸੀ । ਇਸ ਵਾਰ ਦੇ ਸਾਹਿਤਕ ਮਹੱਤਵ ਨੂੰ ਸਪੱਸ਼ਟ ਕਰਨ ਲਈ ਇਹ ਪੁਸਤਕ ਲਿਖਣ ਦਾ ਉਦਮ ਕੀਤਾ ਹੈ ।