ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕ ਥਾਵਾਂ ‘ਤੇ ਪੌਰਾਣਿਕ, ਇਸਲਾਮਿਕ, ਇਤਿਹਾਸਕ ਅਤੇ ਲੌਕਿਕ ਹਵਾਲਿਆਂ ਦੀ ਵਰਤੋਂ ਹੋਈ ਹੈ । ਉਨ੍ਹਾਂ ਬਾਰੇ ਹਰ ਪ੍ਰਸੰਗ ਵਿਚ ਬ੍ਰਿੱਤਾਂਤ ਦੇਣ ਨਾਲ ਵੱਧਣ ਵਾਲੇ ਵਿਸਤਾਰ ਤੋਂ ਬਚਣ ਲਈ ਅੰਤਿਕਾ ਵਿਚ ਅੱਖਰ-ਕ੍ਰਮ ਅਨੁਸਾਰ ਇੰਦਰਾਜ ਸ਼ਾਮਲ ਕੀਤੇ ਹਨ । ਇਸ ਤੋਂ ਇਲਾਵਾ ਅਨੇਕ ਧਾਰਮਿਕ ਸੰਪ੍ਰਦਾਵਾਂ ਦੀ ਪਰਿਭਾਸ਼ਿਕ ਸ਼ਬਦਾਵਲੀ ਬਾਰੇ ਜਾਣਕਾਰੀ ਉਪਲਬਧ ਕਰਨ ਅਤੇ ਬਾਣੀਕਾਰਾਂ ਦਾ ਪਰਿਚਯ ਦੇਣ ਲਈ ਉਨ੍ਹਾਂ ਸੰਬੰਧੀ ਇੰਦਰਾਜ ਵੀ ਅੰਤਿਕਾ ਵਿਚ ਦੇ ਦਿੱਤੇ ਹਨ । ਅਜਿਹਾ ਕਰਨ ਨਾਲ ਬਾਣੀ ਦਾ ਅਰਥ-ਪ੍ਰਵਾਹ ਨਿਰੰਤਰ ਚਲਦਾ ਰਹੇਗਾ ਅਤੇ ਪਾਠਕਾਂ ਨੂੰ ਆਵੱਸ਼ਕ ਜਾਣਕਾਰੀ ਵੀ ਮਿਲਦੀ ਰਹੇਗੀ ।