ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਨਿਰਪੇਖ ਅਨੁਭਵੀ ਮਹਾਂਪੁਰਸ਼ਾਂ ਦੀਆਂ ਬਾਣੀਆਂ ਦਾ ਇਕ ਅਜਿਹਾ ਸੰਕਲਨ ਹੈ ਜੋ ਸਰਬ ਸਾਂਝਾ ਹੈ, ਜੋ ਮਨੁੱਖ ਨੂੰ ਇਕ ਦੂਜੇ ਦੇ ਨੇੜੇ ਲਿਆ ਕੇ ਉਨ੍ਹਾਂ ਵਿਚ ਪਰਸਪਰ ਪ੍ਰੇਮ ਦਾ ਸੰਚਾਰ ਕਰਦਾ ਹੈ ਅਤੇ ਜੋ ਸੰਸਾਰਿਕਤਾ ਵਿਚ ਗ੍ਰਸੇ ਮਨੁੱਖ ਨੂੰ ਭਾਵ-ਭਗਤੀ ਵਿਚ ਲੀਨ ਕਰਦਾ ਹੈ । ਇਹ ਸਚਮੁਚ ਭਾਵਾਂ ਦੇ ਸੁੱਚੇ ਮੋਤੀਆਂ ਦਾ ਇਕ ਅਜਿਹਾ ਮਾਨਸਰੋਵਰ ਹੈ ਜਿਸ ਵਿਚਲੇ ਨਾਲ ਰੂਪ ਮੋਤੀਆਂ ਨੂੰ ਚੁਗ ਕੇ ਸਾਧਾਰਣ ਜਿਗਿਆਸੂ ਹੰਸ ਤੁੱਲ ਅਸਾਧਾਰਣ ਵਿਅਕਤਿਤਵ ਵਾਲਾ ਬਣ ਜਾਂਦਾ ਹੈ । ਇਹ ਭਾਰਤੀ ਸਾਹਿਤ ਦਾ ਹੀ ਨਹੀਂ, ਵਿਸ਼ਵ ਸਾਹਿਤ ਦਾ ਸ੍ਰੇਸ਼ਠ ਗ੍ਰੰਥ ਹੈ । ਇਸ ਵਿਚਲੀ ‘ਧੁਰ ਕੀ ਬਾਣੀ’ ਦੀ ਪ੍ਰਸੰਗਿਕਤਾ ਅੱਜ ਵੀ ਬਣੀ ਹੋਈ ਹੈ ਅਤੇ ਉਦੋਂ ਤੱਕ ਬਣੀ ਰਹੇਗੀ ਜਦ ਤਕ ਧਰਤੀ ਉੱਤੇ ਮਨੁੱਖ ਵਿਚਰਦਾ ਰਹੇਗਾ । ਸਾਹਿਤ ਦੇ ਖੇਤਰ ਵਿਚ ਵੀ ਇਹ ਇਕ ਮਹਾਨ ਸਰੋਤ-ਗ੍ਰੰਥ ਹੈ ਕਿਉਂਕਿ ਇਸ ਵਿਚਲੀ ਬਾਣੀ ਤੋਂ ਪ੍ਰੇਰਿਤ ਅਤੇ ਪ੍ਰਭਾਵਿਤ ਹੋ ਕੇ ਅਨੇਕ ਭਾਸ਼ਾਵਾਂ ਵਿਚ ਬੇਸ਼ੁਮਾਰ ਮਹੱਤਵਪੂਰਨ ਰਚਨਾਵਾਂ ਹੋਂਦ ਵਿਚ ਆਈਆਂ ਹਨ । ਇਸ ਗ੍ਰੰਥ ਦੇ ਸੰਕਲਪ ਨਾਲ ਸ਼ਬਦ-ਗੁਰੂ ਦਾ ਇਕ ਨਵੀਨ ਸਿੱਧਾਂਤ ਸਾਹਮਣੇ ਆਇਆ ਹੈ ।