ਇਸ 10 ਭਾਗਾਂ ਦੀ ਪੁਸਤਕ ਵਿਚ ਪ੍ਰੋ. ਸਾਹਿਬ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਪੇਸ਼ ਕਰਨ ਦਾ ਯਤਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਭੀ ਉਵੇਂ ਹੀ ਕਿਸੇ ਖਾਸ ਵਿਆਕਰਨ ਦੀਆਂ ਲੀਹਾਂ ਤੇ ਹੈ, ਜਿਵੇਂ ਹਰੇਕ ਸਮੇਂ ਦੀ ਬੋਲੀ ਖਾਸ ਵਿਆਕਰਨ ਦੇ ਅਨੁਸਾਰ ਹੁੰਦੀ ਹੈ। ਸੋ, ਇਹ ਸਾਰਾ ਟੀਕਾ ਲਿਖਦਿਆਂ ਲੇਖਕ ਨੇ ਪੁਰਾਣੀ ਪੰਜਾਬੀ ਦੇ ਉਸ ਵਿਆਕਰਨ ਨੂੰ ਧਿਆਨ ’ਚ ਰੱਖਿਆ ਹੈ। ਪਾਠਕਾਂ ਦੀ ਸਹੂਲਤ ਵਾਸਤੇ ਟੀਕੇ ਵਿਚ ਪੁਰਾਣੀ ਪੰਜਾਬੀ ਦੇ ਵਿਆਕਰਨ ਦੀ ਹਰੇਕ ਗੁੰਝਲ ਤੇ ਔਖਿਆਈ ਨੂੰ ਹੱਲ ਕਰਨ ਦਾ ਜਤਨ ਕੀਤਾ ਹੈ। ਪੁਰਾਣੀ ਪੰਜਾਬੀ ਦੇ ਲਫਜ਼ਾਂ ਦੇ ਜੋੜ ਅਜ ਕਲ ਦੀ ਪੰਜਾਬੀ ਦੇ ਜੋੜਾਂ ਨਾਲੋਂ ਕਾਫੀ ਵਿਲੱਖਣ ਹਨ, ਇਸ ਵਾਸਤੇ ਗੁਰਬਾਣੀ ਨੂੰ ਪੜ੍ਹਨ ਤੇ ਲਿਖਣ ਵੇਲੇ ਪਾਠਕਾਂ ਨੂੰ ਇਹ ਆਦਤ ਬਣਾਣੀ ਪਵੇਗੀ ਕਿ ਲਫਜ਼ਾਂ ਦੇ ਜੋੜਾਂ ਵਲ ਖਾਸ ਧਿਆਨ ਰਹੇ।