ਇਸ ਪੁਸਤਕ ਵਿਚ ਲੇਖਕ ਪੰਜਾਬ ਨੂੰ ਵੱਖ-ਵੱਖ ਕੋਣਾਂ ਤੋਂ ਦੇਖਦਾ ਹੈ । ਪਹਿਲਾ ਕੋਣ ਹੈ ਪੰਜਾਬੀਆਂ ਦੀਆਂ ਕਲਾਬਾਜ਼ੀਆਂ ਦਾ । ਉਸ ਅਨੁਸਾਰ ਅਸੀਂ ਆਪਣਾ ਸਦਾਚਾਰ, ਸੱਚਾ-ਸੁੱਚਾ ਇਤਿਹਾਸਕ ਕਿਰਦਾਰ ਗੁਆ ਬੈਠੇ ਹਾਂ ਅਤੇ ਮੌਕਾ ਪ੍ਰਸਤੀ ਹੀ ਸਾਡਾ ਜੀਵਨ-ਢੰਗ ਹੈ । ਸਭ ਤੋਂ ਪਹਿਲਾਂ ਉਹ ਏਥੋਂ ਦੇ ਰਾਜਨੇਤਾਵਾਂ ਦੇ ਕੋਝੇ ਕਿਰਦਾਰ ਨੂੰ ਨੰਗਾ ਕਰਦਾ ਹੈ । ਉਸ ਅਨੁਸਾਰ ਇਹ ਅਜਿਹੇ ਪਹਿਲਵਾਨ ਹਨ ਜਿਨ੍ਹਾਂ ਦੇ ਲੰਗੋਟ ਮਾਂਗਵੇਂ ਹਨ ਅਤੇ ਜੋ ਉਧਾਰ ਲਿੱਤੇ ਤੇਲ ਦੀ ਮਾਲਿਸ਼ ਕਰਦੇ ਹਨ ਭਾਵ ਉਹਨਾਂ ਕੋਲ ਆਪਣਾ ਕੋਈ ਸੱਚ ਨਹੀਂ ਹੈ । ਉਹ ਪੰਜਾਬ ਦਾ ਲੂਣ ਖਾ ਕੇ ਦਿੱਲੀ ਦੇ ਕਸੀਦੇ ਪੜ੍ਹਨ ਵਾਲੇ ਹਨ । ਉਹ ਗੱਲਾਂ-ਬਾਤਾਂ ਦੇ ਦਿਲਾਸੇ ਦੇ ਕੇ ਕੂੜੀ ਕਿਰਤ ਕਮਾਉਂਦੇ ਹਨ ।