ਸਾਡੇ ਇਤਿਹਾਸ ਦੇ ਕਈ ਅਧਿਆਇ ਅਜਿਹੇ ਹਨ, ਜਿਨ੍ਹਾਂ ਦੇ ਪਰਿਪੇਖ ਨੂੰ ਠੀਕ ਰੂਪ ਵਿਚ ਪੇਸ਼ ਕਰਨਾ ਬਹੁਤ ਜ਼ਰੂਰੀ ਹੈ, ਜਾਂ ਤਾਂ ਉਨ੍ਹਾਂ ਨੂੰ ਨਾਟਕੀ ਰੂਪ ਵਿਚ ਘੱਟ ਪੇਸ਼ ਕੀਤਾ ਗਿਆ ਹੈ ਤੇ ਜਾਂ ਕਈ ਵਾਰ ਕਈ ਕਾਰਨਾਂ ਕਰਕੇ ਉਨ੍ਹਾਂ ਵਿਚ ਕਈ ਪਾਤਰਾਂ ਦਾ ਉਲੇਖ ਜਾਣ ਬੁਝਕੇ ਛੱਡ ਦਿੱਤਾ ਜਾਂਦਾ ਹੈ । ਇਉਂ ਹੀ ਉਸ ਇਤਿਹਾਸ ਦੀ ਪੇਸ਼ਕਾਰੀ ਨਾਲ ਹੁੰਦਾ ਰਿਹਾ ਹੈ, ਜਿਸਨੂੰ ਖੋਜੀ ਕਾਫਿਰ ਨੇ ਇਸ ਨਾਟਕ ਵਿਚ ਪੇਸ਼ ਕੀਤਾ । ਅਕਾਲੀ ਮੋਰਚਿਆਂ ਦੇ ਇਸ ਇਤਿਹਾਸ ਦਾ ਸਬੰਧ ਕੇਵਲ ਅਤੀਤ ਨਾਲ ਹੀ ਨਹੀਂ, ਵਰਤਮਾਨ ਤੇ ਭਵਿੱਖ ਨਾਲ ਵੀ ਹੈ । ਇਸ ਲਈ ਇਸ ਨਾਟਕ ਦਾ ਉਦੇਸ਼ ਦੂਹਰਾ ਹੈ । ਉਸ ਇਤਿਹਾਸ ਦੇ ਪਰਿਪੇਖ ਦਾ ਨਿਰੀਖਣ ਕਰਨਾ ਵੀ ਤੇ ਉਸਨੂੰ ਨਾਟਕੀ ਯੋਗਤਾ ਨਾਲ ਪੇਸ਼ ਕਰਨਾ ਵੀ ।