ਇਸ ਨਾਵਲ ਦੀ ਕਥਾ-ਵਸਤੂ ਸਿਕੰਦਰ-ਕਾਲੀਨ ਭਾਰਤ ਅਤੇ ਪੰਜਾਬ ਨਾਲ ਸਬੰਧ ਰੱਖਦੀ ਹੈ। ਇਸ ਵਿਚ ਸੰਸਾਰ-ਵਿਜੇਤਾ ਜਿੱਤਾਂ ਦਾ ਵੇਰਵਾ ਹੀ ਪੇਸ਼ ਨਹੀਂ ਕੀਤਾ ਗਿਆ, ਸਗੋਂ ਸਪਤ-ਸਿੰਧੂ (ਉਸ ਵੇਲੇ ਦੇ ਪੰਜਾਬ) ਦੇ ਵਸਨੀਕਾਂ ਦੀ ਜੰਗਜੂ ਬਹਾਦਰੀ ਦੀ ਗਾਥਾ ਵੀ ਬਿਆਨ ਕੀਤੀ ਗਈ ਹੈ। ਇਥੇ ਪੁਰੂ ਵੰਸ਼ ਦੇ ਸਾਮਰਾਟ ਪੁਰੂਵਰਸ਼ (ਪੋਰਸ) ਦੇ ਸਿਕੰਦਰ ਨਾਲ ਹੋਏ ਸੁਪ੍ਰਸਿੱਧ ਯੁੱਧ ਦਾ ਬਿਰਤਾਂਤ ਹੀ ਪੇਸ਼ ਨਹੀਂ ਕੀਤਾ ਗਿਆ ਸਗੋਂ ਰਾਵੀ ਅਤੇ ਬਿਆਸ ਦੇ ਲਾਗੇ ਚਾਗੇ ਫੈਲੇ ਹੋਏ ਜਨਪਦਾਂ (ਗਣਤੰਤਰੀ ਕਬੀਲਿਆਂ) ਵੱਲੋਂ ਉਸ ਨੂੰ ਗੁਰੀਲਾ-ਯੁੱਧ ਰਾਹੀਂ ਪ੍ਰੇਸ਼ਾਨ ਕਰਨ ਦਾ ਚਰਚਿਤ ਪ੍ਰਸੰਗ ਵੀ ਉਸਾਰਿਆ ਗਿਆ ਹੈ। ਯੁੱਧ-ਨਾਦ ਮਨਮੋਹਨ ਬਾਵਾ ਦੀ ਅਜਿਹੀ ਮਹੱਤਵਪੂਰਨ ਗਲਪੀ ਟੈਕਸਟ ਹੈ ਜੋ ਵਰਤਮਾਨ ਦੀ ਦ੍ਰਿਸ਼ਟੀ-ਬਿੰਦੂ ਤੋਂ ਭਾਰਤ ਅਤੇ ਪੰਜਾਬ ਦੇ ਅਤੀਤਕਾਲੀ ਇਤਿਹਾਸ ਨੂੰ ਪੁਨਰ-ਸਿਰਜਿਤ ਕਰਦੀ ਹੈ ਅਤੇ ਉਸ ਨੂੰ ਵਰਤਮਾਨ ਵਿਚ ਸਾਰਥਕ ਅਤੇ ਪ੍ਰਸੰਗਿਕ ਬਣਾਉਂਦੀ ਹੈ।