ਮਾਸ ਖਾਣ ਸੰਬੰਧੀ ਸਾਰੇ ਸੰਸਾਰ ਉਤੇ ਅਤੇ ਤਕਰੀਬਨ ਸਾਰੇ ਧਰਮਾਂ ਵਿਚ ਉਨ੍ਹਾਂ ਦੇ ਧਾਰਨੀ ਮਨੁੱਖਾਂ ਅੰਦਰ ਪਰਸਪਰ ਮਤ ਦਾ ਵਖੇਵਾਂ ਹੈ, ਕੁਝ ਵਿਅਕਤੀ ਮਾਸ ਖਾਣ ਦੇ ਹੱਕ ਵਿਚ ਹਨ ਅਤੇ ਕੁਝ ਇਸ ਦੇ ਵਿਰੋਧੀ । ਆਮ ਮਨੁੱਖ ਮਾਸ ਦੇ ਹੱਕ ਵਿਚ ਜਾਂ ਵਿਰੋਧ ਵਿਚ ਨਿਜੀ ਮੰਤਕ ਤੋਂ ਕੰਮ ਲੈਂਦੇ ਹਨ । ਸਿੱਖ ਧਰਮ ਵਿਚ ਵੀ ਦਲੀਲ ਜਾਂ ਮੰਤਕ ਦੀ ਕਦਰ-ਕੀਮਤ ਤਾਂ ਅਵੱਸ਼ ਹੈ; ਪਰ ਤਾਂ, ਜੇਕਰ ਇਹ ਦਲੀਲ ‘ਗੁਰਮਤਿ’ ਉੱਤੇ ਅਧਾਰਤ ਹੋਵੇ । ਕਿਸੇ ਵੀ ਮਸਲੇ ਸੰਬੰਧੀ ਅਗਵਾਈ ਪ੍ਰਾਪਤ ਕਰਨ ਲਈ ਇਕੋ ਇਕ ਮੁਸਤਨਿਦ ਲਿਖਤ ਗੁਰਬਾਣੀ ਹੈ, ਜੋ ਗੁਰਮਤਿ ਨੂੰ ਸਹੀ ਰੂਪ ਵਿਚ ਨਿਰੂਪਣ ਕਰਦੀ ਹੈ । ਇਤਿਹਾਸ ਤੋਂ ਵੀ ਵਖ ਵਖ ਮਸਲਿਆਂ ਸੰਬੰਧੀ ਸੇਧ ਮਿਲਦੀ ਹੈ । ਖਾਲਸਾ ਰਹਿਤ ਸੰਬੰਧੀ ਰਹਿਤਨਾਮੇ ਵਿਸ਼ੇਸ਼ ਤੌਰ ਤੇ ਅਗਵਾਈ ਦੇ ਸੋਮੇ ਹਨ, ਪਰ ਮੁਸ਼ਕਲ ਇਹ ਹੈ ਕਿ ਉਪਲੱਬਧ ਇਤਿਹਾਸਕ ਗ੍ਰੰਥਾਂ ਅਤੇ ਰਹਿਤਨਾਮਿਆਂ ਵਿਚ ਪਰਸਪਰ ਵਿਰੋਧੀ ਮਸਲਾ ਬਹੁਤ ਹੈ । ਸੋ, ਜਿਥੇ ਕਿਸੇ ਮਸਲੇ ਸੰਬੰਧੀ ਗੁਰਬਾਣੀ, ਇਤਿਹਾਸ ਅਤੇ ਰਹਿਤਨਾਮੇ, ਇਹਨਾਂ ਤਿੰਨਾਂ ਵਿਚ ਪਰਸਪਰ ਮਤ-ਭੇਦ ਪਰਗਟ ਹੁੰਦਾ ਹੋਵੇ ਤਾਂ ਉਥੇ ਨਿਰਸੰਦੇਹ ਗੁਰਬਾਣੀ ਦਾ ਫੁਰਮਾਨ ਹੀ ਸਹੀ ਸਮਝਿਆ ਜਾ ਸਕਦਾ ਹੈ । ਇਸ ਕਿਤਾਬ ਵਿਚ ਤਲਵਾੜਾ ਜੀ ਨੇ ਪ੍ਰਰਤਨਿਕ ਸਰੋਤਾਂ ਦੇ ਅਧਾਰ ਤੇ ਸਾਬਤ ਕੀਤਾ ਹੈ ਕਿ ਗੁਰਬਾਣੀ ਜੀਵਨ-ਨਰਬਾਹ ਲਈ ਅਤੇ ਨਾਮ ਜਪ ਕੇ ਜੀਵਨ ਸਫਲ ਕਰਨ ਲਈ ਅੰਨ-ਭੋਜਨ ਖਾਣ ਦੀ ਆਗਿਆ ਦੇਂਦੀ ਹੈ , ਪਰ ਜੀਭ ਦੇ ਚਸਕੇ ਅਧੀਨ ਜੀਵਾਂ ਦਾ ਗਲਾ ਵੱਢ ਕੇ ਮਾਸ-ਭੋਜਨ ਖਾਣ ਦੀ ਮਨਾਹੀ ਕਰਦੀ ਹੈ ।