ਇਸ ਗ੍ਰੰਥਾਵਲੀ ਵਿਚ 23 ਅਧਿਆਵਾਂ ਰਾਹੀਂ ਗੁਰਬਾਣੀ ਦੀ ਵਿਆਕਰਣਿਕ ਬਣਤਰ ਦਾ ਪੂਰੇ ਵਿਸਥਾਰ ਨਾਲ ਵਰਣਨ ਪੇਸ਼ ਕੀਤਾ ਹੈ । ਪਹਿਲੇ ਪੰਜ ਅਧਿਆਏ ਵਿਆਕਰਣ, ਭਾਸ਼ਾ, ਧੁਨੀ, ਲਿੱਪੀ ਅਤੇ ਸ਼ਬਦ-ਬੋਧ ਦੀਆਂ ਸਮੱਸਿਆਵਾਂ ਉਪਰ ਕੇਂਦਰਿਤ ਹਨ । ਅਗਲੇ ਪੰਜ ਅਧਿਆਵਾਂ ਵਿਚ ਨਾਂਵ, ਕਾਰਕ ਅਤੇ ਇਹਨਾਂ ਦੀਆਂ ਕਿਸਮਾਂ ਦਾ ਸ-ਉਦਾਹਰਣ ਵੇਰਵਾ ਦਿੱਤਾ ਗਿਆ ਹੈ । ਫੇਰ ਤਿੰਨ ਅੰਤਿਕਾਵਾਂ ‘ੳ’,’ਅ’,‘ੲ’ ਵਿਚ ਕ੍ਰਮਵਾਰ ਸਮੁੱਚੀ ਗੁਰਬਾਣੀ ਵਿੱਚੋਂ ਉਹਨਾਂ ਪੰਗਤੀਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਜੁੜਤ ਪਦਾਂ ਦੇ ਨਿਖੜਵੇਂ ਸ਼ਬਦ-ਜੋੜ ਅਤੇ ਉਹਨਾਂ ਦੇ ਅਰਥ, ਗੁਰਬਾਣੀ ਵਿਚ ਅਰਬੀ-ਫ਼ਾਰਸੀ ਦੇ ਸ਼ਬਦ ਅਤੇ ਉਹਨਾਂ ਦੇ ਅਰਥ ਅਤੇ ਕੁਝ ਅੱਖਰਾਂ ਦੇ ਕਿਸੇ ਹੋਰ ਅੱਖਰ ਨਾਲ ਵਟਾਂਦਰੇ ਦੀ ਸੂਚੀ ਦਿੱਤੀ ਹੈ । ਇਸ ਤੋਂ ਪਿੱਛੋਂ ਪੜਨਾਂਵ, ਵਿਸ਼ੇਸ਼ਣ, ਕ੍ਰਿਆ, ਕ੍ਰਿਆ-ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ ਅਤੇ ਅੰਤ ਵਿਚ ਗੁਰਬਾਣੀ ਦੀ ਭਾਸ਼ਾ ਦੇ ਵਿਆਕਰਣਿਕ ਨੇਮ ਦਿੱਤੇ ਗਏ ਹਨ । ਇਸ ਸਾਰੇ ਕਾਰਜ ਵਿਚ ਵਿਸਤ੍ਰਿਤ ਸੂਚਨਾ ਨੂੰ ਤਰਤੀਬ ਅਤੇ ਜੁਗਤ ਬੰਨ੍ਹ ਕੇ ਪੇਸ਼ ਕੀਤਾ ਗਿਆ ਹੈ ।