ਵਡੇਰਿਆਂ ਦੀ ਸਾਖੀ ਦੀ ਲੜੀ ਵਿਚ ਲੇਖਕ ਦੀ ਇਹ ਛੇਵੀਂ ਪੁਸਤਕ ਹੈ । ਇਸ ਵਿਚ ਕੁਲ 6 ਵਚਿੱਤਰ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਕਰਤਾ ਪੁਰਖ ਦੀ ਇਸ ‘ਭੂਮਿ ਰੰਗਾਵਲੀ’ ਨੂੰ ਸੋਹਣੇ ਤੋਂ ਹੋਰ ਸੋਹਣਾ ਕਰਨ ਅਤੇ ਇਸ ਧਰਤੀ ’ਤੇ ਵਰਤ ਰਹੇ ਦੁੱਖ-ਸੰਤਾਪ ਨੂੰ ਘੱਟ ਕਰਨ ਲਈ ਇਨ੍ਹਾਂ ਨਾਇਕਾਂ ਵੱਲੋਂ ਪਾਏ ਯੋਗਦਾਨ ਦੀਆਂ ਗੱਲਾਂ ਲੇਖਕ ਰਸਿਕ ਸ਼ੈਲੀ ਰਾਹੀਂ ਸੁਣਾਉਂਦਾ ਹੈ । ਇਹ ਗੱਲਾਂ ਜ਼ੁਲਮ ਨੂੰ ਪਰਿਭਾਸ਼ਤ ਕਰਨ ਵਾਲੇ ਇਤਾਲਵੀ ਚਿੰਤਕ ਵਿਟੋਰੀਓ ਅਲਫ਼ਾਇਰੀ ਬਾਰੇ ਵੀ ਹਨ ਤੇ ਸਮਾਜ ਦੇ ਇਕ ਵੱਡੇ ਦੁਖੀ ਹਿੱਸੇ ਦੀ ਪੈਗ਼ੰਬਰ ਵਾਂਗ ਬਾਂਹ ਫੜਨ ਵਾਲੇ ਮਾਰਕਸ ਅਤੇ ਆਧੁਨਿਕ ਵਿਗਿਆਨ ਦੇ ਪਿਤਾਮਾ ਆਈਨਸਟੀਨ ਬਾਰੇ ਵੀ । ਮਲਿਕਾ ਵਿਕਟੋਰੀਆ ਦੇ ਅਰਦਲੀ ਦੀਆਂ ਬਾਤਾਂ ਤਾਂ ਅਦਭੁੱਤ ਕ੍ਰਿਸ਼ਮੇ ਵਾਂਗ ਹਨ । ਲੰਕਾ ਦੇ ਬਾਗ਼ੀ ਲਿਟੇ ਆਗੂ ਪ੍ਰਭਾਕਰਨ ਦੀ ਦਲੇਰੀ ਤੇ ਉਚੇਰੀ ਸੂਝ ਦੀਆਂ ਬਾਤਾਂ ਵੀ ਅਚੰਭਿਤ ਕਰਨ ਵਾਲੀਆਂ ਹਨ । ਰੰਗਾਂ ਦੇ ਚਿਤੇਰੇ ਸੁਖਪ੍ਰੀਤ ਸਿੰਘ ਦੀਆਂ ਵੱਡੀਆਂ ਪੁਲਾਂਘਾਂ ਉਤਸ਼ਾਹ-ਵਰਧਕ ਹਨ । 1985 ਵਿਚ ਵਾਪਰੇ ਕੋਲੰਬੀਆ ਦੇ ਦੁਖਾਂਤ ਨੂੰ ਓਪਰੇਸ਼ਨ ਬਲੂ ਸਟਾਰ ਨਾਲ ਜੋੜ ਕੇ ਲੇਖਕ ਨੇ ਸਟੇਟ ਦੇ ਵਿਹਾਰ ਨੂੰ ਵੀ ਨਸ਼ਰ ਕਰ ਦਿੱਤਾ ਹੈ । ਇਹ ਬਿਰਤਾਂਤ ਪੰਜਾਬੀ ਪਾਠਕ ਨੂੰ ਵਚਿੱਤਰ ਅਨੁਭਵਾਂ ਨਾਲ ਜੋੜਦੇ ਹਨ ਤੇ ਉਸ ਦੇ ਗਿਆਨ ਨੂੰ ਵਸੀਹ ਕਰਨ ਦੇ ਨਾਲ ਉਸ ਦੀ ਰੂਹ ਨੂੰ ਵੀ ਸਰਸ਼ਾਰ ਕਰਦੇ ਹਨ।