ਇਸ ਪੁਸਤਕ ਵਿਚ ਸੰਗੀਤ ਅਤੇ ਵਿਸ਼ੇਸ਼ ਕਰ ਕੇ ਗੁਰਮੀਤ ਸੰਗੀਤ ਦੇ ਮਹਾਨ ਵਿਦਵਾਨ, ਉਸਤਾਦ ਅਤੇ ਅਤਿ ਸੁਰੀਲੇ ਕੀਰਤਨੀਏ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਨੇ ਬਹੁਗਿਣਤੀ ਵਿਚ ਅਲੰਕਾਰ ਉਪਲਬੱਧ ਕਰਵਾਏ ਹਨ। ਜਿਥੇ ਆਪ ਨੇ ਗੁਰ-ਆਸ਼ੇ ਅਨੁਸਾਰ ਨਿਰਧਾਰਿਤ ਰਾਗਾਂ ਵਿਚ ਸ਼ਬਦ ਕੀਰਤਨ ਦੇ ਪ੍ਰਚਾਰ-ਪ੍ਰਸਾਰ ਹਿਤ ਕਈ ਪੁਸਤਕਾਂ ਗੁਰਮਤਿ ਸੰਗੀਤ ਸਾਧਕਾਂ ਦੀ ਝੋਲੀ ਪਾਈਆਂ ਹਨ, ਉਥੇ ਰਿਆਜ਼ ਅਤੇ ਸੁਰ ਸਾਧਨਾ ਨੂੰ ਧਿਆਨ ਵਿਚ ਰੱਖ ਕੇ ਲਿਖੀ ਗਈ ਇਹ ਪੁਸਤਕ ਸੰਗੀਤ ਦੇ ਵਿਦਿਆਰਥੀਆਂ, ਖੋਜਕਾਰੀਆਂ, ਕਲਾਕਾਰਾਂ, ਅਧਿਆਪਕ ਅਤੇ ਕਸਬੀ ਕੀਰਤਨੀਆਂ ਲਈ ਇਕ ਨਾਯਾਬ ਤੋਹਫਾ ਹੈ। ਪੁਸਤਕ ਵਿਚ ਦਿੱਤੇ ਗਏ ਅਲੰਕਾਰਾਂ ਦਾ ਰਿਆਜ਼ ਸਰਗਮ ਅਤੇ ਆਕਾਰ, ਦੋਹਾਂ ਵਿਚ ਕੀਤਾ ਜਾਣਾ ਚਾਹੀਦਾ ਹੈ। ਇਹਨਾਂ ਸਾਰੇ ਅਲੰਕਾਰਾਂ ਨੂੰ ਦਸ ਥਾਟਾਂ ਦੇ ਸੁਰਾਂ ਵਿਚ ਢਾਲ ਕੇ ਵੀ ਇਹਨਾਂ ਦਾ ਅਭਿਆਸ ਕੀਤਾ ਜਾ ਸਕਦਾ ਹੈ ਜਿਸ ਨਾਲ ਸ਼ੁੱਧ ਸੁਰਾਂ ਦੇ ਨਾਲ-ਨਾਲ ਵਿਕਰਿਤ ਸੁਰਾਂ ਉੱਪਰ ਵੀ ਪਕੜ ਬਣ ਸਕੇ। ਇਸ ਪੁਸਤਕ ਤੋਂ ਸੰਗੀਤ ਦੇ ਵਿਦਿਆਰਥੀ, ਅਧਿਆਪਕ,ਕਲਾਕਾਰ ਅਤੇ ਕੀਰਤਨੀਏ ਭਰਪੂਰ ਲਾਭ ਉਠਾ ਸਕਣ ਗਏ।