ਇਹ ਪੁਸਤਕ ਕਹਿਣ ਨੂੰ ਤਾਂ ਕਵਿਤਾ ਦਾ ਸੰਗਹਿ ਹੈ ਪਰ ਨਿਰੀ ਇਤਨੀ ਗਲ ਨਹੀਂ, ਇਹ ਇਕੱਲ ਦਾ ਪਰਛਾਵਾਂ ਹੈ, ਇਹ ਹਿਰਦੇ ਦੀ ਸੁੰਨ ਦਾ ਅਕਸ ਹੈ ਜੋ ਬਾਹਰ ਵਲ ਉਭਰ ਰਿਹਾ ਹੈ । ਇਸ ਬਾਹਰ ਪੈ ਰਹੀ ਪਰਛਾਈਂ ਵਿਚ ਉਹ ਵਿਲਕਣੀ ਹੈ, ਉਹ ਸਿੱਕ ਹੈ, ਉਹ ਸੱਧਰ ਹੈ ਜਿਸ ਨਾਲ ਇਕੱਲ ਦੇ ਅਰਥ ਬਦਲ ਜਾਂਦੇ ਹਨ ਅਤੇ ਪਤਾ ਲਗਦਾ ਹੈ ਕਿ ਇਹ ਇਕੱਲ ਕੋਈ ਉਜਾੜ ਨਹੀਂ ਇਹ ਉਹ ਏਕਾਂਤ ਹੈ ਜਿਸ ਵਿਚ ਵਸਲ ਦੀ ਘੜੀ ਦਾ ਮਿਲਾਪ ਛੁਪਿਆ ਹੋਇਆ ਹੈ । ਇਸ ਨਾਲ ਹਿਰਦੇ ਦਾ ਬੰਜਰ ਹਰਾ ਜੋ ਜਾਂਦਾ ਹੈ, ਬਿਰਹੋਂ ਦੇ ਮਾਰੂਥਲ ਵਿਚ ਨਖ਼ਲਿਸਤਾਨ ਦੇ ਸ਼ਗੂਫੇ ਪੱਲਰ ਪੈਂਦੇ ਹਨ, ਰੇਗਿਸਤਾਨ ਵਿਚ ਥੋਰਾਂ ਦੇ ਵੰਨ ਸਵੰਨੇ ਪੁਸ਼ਪਾਂ ਦਾ ਚਮਨ ਖਿੜ ਪੈਂਦਾ ਹੈ ।