‘ਸੋ ਦਰੁ’ ਤੇ ‘ਸਿਦਕ ਦੀ ਪ੍ਰਭਾਤ’ ਦੋ ਵੱਖ-ਵੱਖ ਕਵਿਤਾਵਾਂ ਹਨ, ਜਿਨ੍ਹਾਂ ਦਾ ਕਾਵਿਕ ਨਿਯਮ ਪ੍ਰਬੰਧ ‘ਸੋ ਦਰੁ’ ਤੋਂ ਸ਼ੁਰੂ ਹੋ ਕੇ ‘ਸਿਦਕ ਦੀ ਪ੍ਰਭਾਤ’ ਤੇ ਆਪਣੀ ਸਿਖਰ ’ਤੇ ਪਹੁੰਚਦਾ ਹੈ । ਭਾਵੇਂ ਹਰਿੰਦਰ ਸਿੰਘ ਮਹਿਬੂਬ ਨੇ ਉਪਰੋਕਤ ਕਾਵਿ-ਰਚਨਾਵਾਂ ਆਪਣੀ ਸ਼ਾਇਰੀ ਦੇ ਮੁੱਢ ਵਿਚ ਹੀ ਰਚੀਆਂ ਸਨ, ਪਰੰਤੂ ਇਹਨਾਂ ਦੀ ਸੰਕੇਤਕ ਕਾਵਿਕ-ਪ੍ਰਵਾਜ਼ ਉਹਨਾਂ ਦੀਆਂ ਭਵਿੱਖ ਵਿਚ ਵਾਰਤਕ, ਕਵਿਤਾ ਅਤੇ ਮਹਾਂਕਾਵਿ ਦੇ ਰੂਪ ਵਿਚ ਰਚੀਆਂ ਰਚਨਾਵਾਂ ਸਹਿਜੇ ਰਚਿਓ ਖਾਲਸਾ (ਵਾਰਤਕ), ਝਨਾਂ ਦੀ ਰਾਤ (ਕਵਿਤਾ), ਇਲਾਹੀ ਨਦਰ ਦੇ ਪੈਂਡੇ (ਗੁਰੂ ਨਾਨਕ ਦੇਵ ਜੀ), (ਜਿਲਦ ਪਹਿਲੀ), ਇਲਾਹੀ ਨਦਰ ਦੇ ਪੈਂਡੇ (ਗੁਰੂ ਗੋਬਿੰਦ ਸਿੰਘ ਜੀ), (ਜਿਲਦ ਚੌਥੀ) ਅਤੇ ਇਲਾਹੀ ਨਦਰ ਦੇ ਪੈਂਡੇ (ਗੁਰੂ ਅੰਗਦ ਲਘੂ-ਮਹਾਂਕਾਵਿ), (ਜਿਲਦ ਦੂਜੀ) ਮਹਾਂਕਾਵਿ ਆਦਿ ਦੀ ਸਮੁੱਚੀ ਅਧਿਆਤਮਕ ਪ੍ਰਵਾਜ਼ ਦੇ ਬਹੁ-ਪਰਤੀ ਅਤੇ ਬਹੁ-ਪੱਖੀ ਖੇਤਰ ਇਹਨਾਂ ਨਾਲ ਸੰਕੇਤਕ ਰੂਪ ਵਿਚ ਲਗਾਤਾਰ ਅੰਤਰ-ਸੰਬੰਧਿਤ ਹਨ ।