‘ਝਨਾਂ ਦੀ ਰਾਤ’ ਸੱਤ ਕਾਵਿ-ਪੁਸਤਕਾਂ ਦਾ ਇਕ ਸੰਗ੍ਰਹਿ ਹੈ । ਭਾਵੇਂ ਇਹ ਗਿਣਤੀ ਪੱਖ ਤੋਂ ਵੱਖਰੇ-ਵੱਖਰੇ ਸੱਤ ਕਾਵਿ ਸੰਗ੍ਰਹਿ ਹਨ, ਪਰੰਤੂ ਇਹਨਾਂ ਪੁਸਤਕਾਂ ਦੇ ਅੰਤਰੀਵ ਵਿਚ ਇਕ ਸਾਂਝਾ ਕਾਵਿ ਨਿਯਮ ਲਗਾਤਾਰ ਵੱਖ-ਵੱਖ ਕਵਿਤਾਵਾਂ ਦੇ ਵੱਖਰੇ-ਵੱਖਰੇ ਵਿਅਕਤਿਤਵ ਨੂੰ ਜ਼ਾਹਿਰ ਕਰਦਾ ਹੋਇਆ ਵਿਚਰ ਰਿਹਾ ਹੈ । ਇਹ ਕਾਵਿ-ਪੁਸਤਕਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸੂਖਮ ਅਤੇ ਵਿਸ਼ਾਲ ਅਨੁਭਵ ਨੂੰ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਆਧਾਰ ਜ਼ਰੂਰ ਬਣਾਉਂਦੀਆਂ ਹਨ । ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਭ ਧਰਮਾਂ ਵਿਚੋਂ ਆਈ ਬਾਣੀ ਵਿਚੋਂ ਇਕ ਅਜਿਹੇ ਬੇਮਿਸਾਲ ਗੁਰਮੁਖ ਦੀ ਘਾੜਤ ਘੜੀ ਗਈ ਹੈ, ਜਿਸਦਾ ਵਿਸ਼ਵ ਧਰਮਾਂ ਦੇ ਸੰਦਰਭ ਵਿਚ ਕੋਈ ਬਦਲ ਹਾਲੀ ਤਕ ਪੇਸ਼ ਨਹੀਂ ਹੋਇਆ । ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਨੇ ਆਪਣੀ ਵਿਸ਼ਾਲ ਪ੍ਰਿਸ਼ਟ ਭੂਮੀ ਇਸੇ ਅਹਿਸਾਸ ਵਿਚੋਂ ਹੀ ਉਸਾਰੀ ਹੈ ।