ਅੰਮ੍ਰਿਤ ਵੇਲਾ ਕਾਲ ਖੰਡ ਵਿਚ ਜਾਗੀਆਂ ਰੂਹਾਂ, ਸੁੱਚੇ ਪਲਾਂ, ਭਾਵਾਂ, ਕੁਦਰਤ ਦੀ ਸਵੱਛਤਾ, ਜੀਵਨ ਦੇ ਦੁੱਖ ਪ੍ਰਤਿ ਅਥਾਹ ਤਰਸ ਅਤੇ ਮਹਾਂ ਵਿਸਮਾਦ ਦੇ ਵਿਰਾਟ ਅਨੁਭਵ ਦੀ ਦੈਵੀ ਸੰਗਤ ਹੈ । ਇਹ ਮਨੁੱਖ ਦੀ ਸੁਰਤਿ ’ਚ ਸਜੀ ਸੰਗਤੀ ਦਿੱਬਤਾ ਹੈ, ਜੋ ਸਮਾਜਿਕ ਮਰਿਆਦਾ ਦਾ ਸੇਵਾ ਦੇ ਪਹਿਲੂ ਤੋਂ ਪਲਦਾ ਰਸਿਕ ਸ਼ਹਾਦਤੀ ਚੋਜ ਪ੍ਰਗਟ ਕਰਦੀ ਹੈ । ਇਥੇ ਹਨੇਰੇ ਦੇ ਸਭ ਪਹਿਲੂ ਨੂਰਾਨੀ ਤੇਜ਼ ਨਾਲ ਚੀਰ ਦਿੱਤੇ ਗਏ ਹਨ ਜਾਂ ਇੰਞ ਕਹੀਏ ਕਿ ਹਨੇਰਾ ਵੀ ਚਾਨਣ ਆਸਰੇ ਪਲਦਾ ਉਸਦੀ ਸੇਵਾ ’ਚ ਹੈ, ਦਾ ਅਨੁਭਵ, ਗੀਤ ਬਣ ਗਿਆ ਹੈ । ਅੰਮ੍ਰਿਤ ਵੇਲਾ ਵਿਚ ਗੀਤ ਦੀ ਦਿਸ਼ਾ, ਕਲਪਨਾ ਦੀ ਮਰਿਆਦਾਮਈ ਜ਼ਬਤ ਵਿਚ ਢਲੀ ਗ੍ਰਹਿਸਥ ਪਾਵਨਤਾ ’ਚੋਂ ਗਿਆਨ, ਸਮਾਜ ਅਤੇ ਮਨੁੱਖੀ ਆਪੇ ਨੂੰ ਇੱਕੋ ਸਾਂਝ ਵਿਚ ਪ੍ਰੋ ਦਿੰਦੀ ਹੈ । ਅੰਮ੍ਰਿਤ ਵੇਲਾ ਸਵੱਛਤਾ ਦਾ ਸੋਮਾ ਹੈ, ਜੋ ਪਾਰਦਰਸ਼ੀ ਦੇਹ ਦੀ ਪਾਵਨਤਾ ਦਾ ਸਿਮਰਨ ਕਰਦਾ ਜ਼ਿੰਦਗੀ ਨੂੰ ਭਰਪੂਰ ਕਰਨ ਦੀ ਜੁਸਤਜੂ ਰੱਖਦਾ ਹੈ ।