‘ਪੰਖੀ’ ਦਿਲ ਦੇ ਅੰਬਰ ਗਾਹੁਣ, ਬ੍ਰਿਛਾਂ ਦੀ ਸਰਸਰਾਹਟ ’ਚੋਂ ਗੀਤ ਟੋਹਣ, ਪਿਆਰ ਤੇ ਅਮਨ ਦਾ ਹੋਕਾ ਦੇਣ ਦੀ ਵਿਥਿਆ ਹੈ । ਪੰਖੀ, ਜਿਹੜਾ ਓਟੇ ’ਤੇ ਬੈਠਾ, ਵਿਹੜੇ ਵਿਚ ਬਾਲ ਦੇ ਪਹਿਲੇ ਪੁੱਟੇ ਕਦਮ ਅਤੇ ਪਹਿਲੀ ਦੰਦੀ ਨਾਲ ਚਮਚਾ ਛੁਹਣ ’ਤੇ ਪੈਦਾ ਹੋਈ ਕੰਪਨ ਦਾ ਜ਼ਾਮਨ ਹੈ, ਉਥੇ ਸੀਰੀਆ ਤੇ ਫ਼ਲਸਤੀਨ ਵਿਚ ਸਿੱਲ ਹੋਈ ਮਾਸੂਮੀ ਲਈ ਬਣਿਆ ਕੰਨ ਹੈ । ਪੰਖੀ ਸੰਸਾਰ ਦੇ ਰੰਗ ਦਾ ਹਿੱਸਾ ਹੀ ਹੈ, ਜਿਹੜਾ ਹੱਸਦਾ, ਰੋਂਦਾ ਅਤੇ ਚੁੱਪ ਵੀ ਕਰ ਜਾਂਦਾ ਹੈ । ਇਸ ਕਥਾ ਵਿਚ ਸ਼ਾਇਰ ਖ਼ੁਦ ਪੰਛੀ ਹੋ ਕੋਨੇ-ਕੋਨੇ ’ਚੋਂ ਵੰਨ-ਸੁਵੰਨਤਾ ਟੋਂਹਦਾ ਹੈ, ਵੱਖੋ-ਵੱਖਰੇ ਰੰਗ ਹੰਢਾਉਂਦਾ ਹੈ । ਇਹ ਸਭ ਰੰਗ ਆਪਣੇ ਹੀ ਨਜ਼ਰ ਪੈਂਦੇ ਹਨ ।