ਏਸ ਸੂਫੀ-ਖਾਨੇ ਜਾਂ ਮੈ-ਖਾਨੇ ਵਿਚ ਮਾਰੂ ਸੋਹਲਿਆਂ ਜਿਹੀ ਰਵਾਨੀ ਦੀ ਮਿੱਟੀ ਦੇ ਪਿਆਲੇ, ਬੁਲ੍ਹੇ ਸ਼ਾਹ ਦੀਆਂ ਕਾਫੀਆਂ ਵਰਗੇ ਤਾਅਨੇ ਤੇ ਪਿਆਰ ਦੀਆਂ ਰੰਗੀਨ ਸੁਰਾਹੀਆਂ ਹਨ । ਰੂਹ ਮਸਤਾਉਣਾ, ਹਾਫਜ਼ੀ ਸਾਕੀ, ਹਰ ਪਾਸੇ ਨਜ਼ਰ ਆ ਰਿਹਾ ਹੈ । ਪਰ ਵੀਹਵੀਂ ਸਦੀ ਦਾ ਇਹ ਸੂਫੀ ਮਜ਼ਹਬੀ ਝੇੜਿਆਂ ਨੂੰ ਦੂਰ ਕਰਨ ਉੱਤੇ ਹੀ ਨਹੀਂ ਰਿਹਾ ਹਮੇਸ਼ਾ ਸਮਾਜ ਦੀ ਕੁਸੁੰਦਰਤਾ ਨੂੰ ਉਡਾਉਣ ਲਈ ਸੋਚਦਾ ਰਿਹਾ । ਗੋਰੇ ਰਾਜ ਤੇ ਏਥੋਂ ਤਕ ਆਪਣੇ ਰਾਜ ਦੇ ਭੈੜਾਂ ਵੱਲ ਵੀ ਏਸ ਸੂਫੀ ਜਾਂ ਆਗੂ ਨੇ ਤੱਕਿਆ । ਏਸ ਸੂਫੀ-ਖਾਨੇ ਵਿਚ ਰਾਜ ਨੂੰ ਸੁਧਾਰਨ ਦੇ ਵਿਚਾਰ ਹੋ ਰਹੇ ਹਨ ਜਾਂ ਰਾਜ ਨੂੰ ਸਤਿ, ਸ਼ਿਵ ਤੇ ਸੁੰਦਰ ਬਣਾਉਣ ਦੇ ਜਤਨ ਸੁਝਾਏ ਜਾ ਰਹੇ ਹਨ । ਏਸੇ ਲਈ ਏਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਤੋਂ ਮਾਣ ਪ੍ਰਾਪਤ ਹੋਇਆ ।