ਇਸ ਸੰਗ੍ਰਹਿ ਵਿਚ ਉਨ੍ਹਾਂ ਨੇ ਆਪਣੇ ਦਿਲੀ ਭਾਵ ਅਤੇ ਖਯਾਲ ਅਨੇਕ ਪਹਿਲੂਆਂ ਪਰ ਅਤੇ ਕਈ ਇਕ ਮੰਨੇ-ਪ੍ਰਮੰਨੇ ਕਵੀਆਂ ਦੀਆਂ ਰਚਨਾਵਾਂ ਦੇ ਉਲਥੇ ਤੇ ਕਈਆਂ ਦੇ ਅਧਾਰ ਪਰ ਲਿਖੀਆਂ ਨਜ਼ਮਾਂ ਦਿੱਤੀਆਂ ਹਨ । ਸਾਰੀ ਰਚਨਾ ਨੂੰ ਭਾਵਾਂ ਦਾ ਲਿਹਾਜ਼ ਰੱਖ ਕੇ 9 ਹਿੱਸਿਆਂ ਵਿਚ ਵੰਡਿਆ ਹੈ ਤੇ ਹਰੇਕ ਦਾ ਸਿਰਲੇਖ ਵੱਖਰਾ-ਵੱਖਰਾ ਦੇ ਕੇ ਨਿਖੇੜਵੀਆਂ ਕਿਆਰੀਆਂ ਬਣਾ ਕੇ ਪਾਠਕਾਂ ਨੂੰ ਵਿਤਰੇਕ ਕਰਨ ਦੀ ਖੇਚਲ ਤੋਂ ਬਚਾ ਲਿਆ ਹੈ । ਪ੍ਰੈਸ ਦੇ ਆਪ ਪਤੀ ਹੋਣ ਕਰਕੇ ਉਨ੍ਹਾਂ ਨੇ ਛਪਾਈ, ਸਫਾਈ, ਸਿਆਹੀ ਦੀ ਰੁਸ਼ਨਾਈ, ਕਾਗਜ਼ ਦੀ ਚੰਗਿਆਈ ਤੇ ਪਾਠਾਂ ਦੀ ਸੁਧਾਈ ਦਾ ਸੋਹਣਾ ਖਯਾਲ ਰੱਖਿਆ ਹੈ, ਜਿਸ ਸ਼ੈ ਦੀ ਧੁੜ ਪੰਜਾਬੀ ਪੁਸਤਕਾਂ ਵਿਚ ਅਕਸਰ ਰਹਿ ਜਾਂਦੀ ਹੈ ਤੇ ਚੰਗੀਆਂ ਰਚਨਾਵਾਂ ਦੀ ਵੀ ਕਦਰ-ਕੀਮਤ ਘਟਾ ਦਿਆ ਕਰਦੀ ਹੈ ।