ਕਵੀ ਨੇ ਆਪਣੇ ਸੱਧਰਾ ਦੇ ਜੀਵਨ ਦੇ ਗਮਲੇ ਵਿਚ ਕਿਸੇ ਦੀ ਯਾਦ ਦਾ ਬੀ ਬੀਜਿਆ, ਅਤੇ ਉਸ ਉੱਤੇ ਚਾਰ ਹੰਝੂ ਕੇਰੇ । ਚਾਰ ਹੰਝੂ ਥੋੜ੍ਹੇ ਸਨ, ਪਰ ਡੂੰਘੇ ਪਿਆਰ ਤੇ ਉਦਰੇਵਿਆਂ ਦੇ ਉਬਾਲ ਨਾਲ ਇਕ ਇਕ ਕਰ ਕੇ ਬਣੇ, ਤੇ ਥਾਂ ਸਿਰ ਡਿੱਗੇ ਸਨ । ਇਸ ਲਈ ਇਨ੍ਹਾਂ ਦੇ ਵੱਤਰ ਨਾਲ ਸਮਾਂ ਪਾ ਕੇ ਉਗ ਪਿਆ ਅਤੇ ਸੁਹਣਾ ਬੂਟਾ ਬਣ ਕੇ ਸਾਵੇ ਪੱਤਰ ਕੱਢ ਰਿਹਾ ਹੈ । ਜਿਹੜਾ ਪੱਤਾ ਟੁੱਟਿਆ ਛਿਸਿਆ ਹੋਇਆ ਜਾਂ ਪੀਲਾ ਪੈ ਕੇ ਕੁਮਲਾਇਆ ਹੋਇਆ ਹੋਵੇ, ਉਸ ਨੂੰ ਝੱਟ ਕੱਢ ਦਿੱਤਾ ਜਾਂਦਾ ਹੈ ਅਤੇ ਹਰੇ ਹਰੇ ਨਰੋਏ ਪੱਤਰ ਹੀ ਟਾਹਣੀਆਂ ’ਤੇ ਰਹਿਣ ਦਿੱਤੇ ਜਾਂਦੇ ਹਨ । ਬੂਟਾ ਉਗ ਰਿਹਾ ਹੈ, ਅਜੇ ਫੁੱਲਾਂ ਦੀ ਆਸ ਹੀ ਇਨ੍ਹਾਂ ਨੂੰ ਲਹਿ ਲਹਿ ਕਰਦੇ ਨਿਖਾਰ ਵਿਚ ਰੱਖਦੀ ਹੈ । ਜਦ ਫੁੱਲ ਆਏ, ਲੋਕਾਂ ਦੀ ਵਾਹ-ਵਾਹ ਦੀ ਧੂੜ ਉਠੀ, ਇਸ ਦੇ ਪੱਤਿਆਂ ਦਾ ਇਹ ਰੰਗ ਨਹੀਂ ਰਹਿਣਾ ।