ਨਾਨਕਾਇਣ ਮਹਾਂਕਾਵਿ ਕਵੀ ਮੋਹਨ ਸਿੰਘ ਦੁਆਰਾ ਰਚਿਤ ਹੈ। ਇਸ ਮਹਾਂਕਾਵਿ ਨੂੰ ਛੇ ਸਰਗਾਂ ਵਿਚ ਵੰਡਿਆ ਗਿਆ ਹੈ, ਪਹਿਲੇ ਸਰਗ ਦਾ ਨਾਮ ਤਲਵੰਡੀ ਹੈ ਜਿਸ ਦੇ ਅੰਤਰਗਤ ਗੁਰੂ ਜੀ ਦੇ ਜਨਮ ਅਤੇ ਤਲਵੰਡੀ ਵਿਖੇ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਦੂਜੇ ਸਰਗ ਦਾ ਨਾਮ ਸੁਲਤਾਨਪੁਰ ਹੈ। ਇਸ ਦੇ ਅਧੀਨ ਮੋਦੀਖਾਨੇ ਵਿਚ ਨੌਕਰੀ ਅਤੇ ਵੇਈਂ ਨਦੀ ਨਾਲ ਸੰਬੰਧਤ ਘਟਨਾਵਾਂ ਦੀ ਪੇਸ਼ਕਾਰੀ ਹੈ। ਤੀਜਾ ਸਰਗ ਪਹਿਲੀ ਉਦਾਸੀ ਦੇ ਨਾਮ ਤੇ ਹੈ। ਇਸ ਦੇ ਅੰਦਰ ਸੈਦਪੁਰ, ਹਰਿਦੁਆਰ, ਅਯੁਧਿਆ, ਪ੍ਰਯਾਗ, ਬਨਾਰਸ, ਕੱਛ, ਗਯਾ, ਕਾਮਰੂਪ, ਪਾਲੀਪੁਰ, ਮਹਾਂਬਲੀਪੁਰ, ਚਂਦੀਪੁਰ, ਲੰਕਾ, ਗੁਜਰਾਤ, ਮਥੁਰਾ, ਬ੍ਰਿੰਦਾਵਨ, ਦਿੱਲੀ, ਕੁਰਕਸ਼ੇਤਰ ਆਦਿ ਸਥਾਨਾਂ ਦੀਆਂ ਯਾਤਰਾਵਾਂ ਨੂੰ ਵਰਣਿਤ ਕੀਤਾ ਗਿਆ ਹੈ। ਇਸ ਤੋਂ ਅਗਲੇਰਾ ਸਰਗ ਦੂਜੀ ਉਦਾਸੀ ਦੇ ਨਾਮ ਨਾਲ ਹੈ, ਜਿਸ ਵਿਚ ਸਿਆਲਕੋਟ, ਬੰਨਿਆਲ, ਕਸ਼ਮੀਰ, ਕਾਰਗਿਲ, ਲੇਹ ਲਦਾਖ, ਸੁਮੇਰ ਪਰਬਤ ਆਦਿ ਦੀਆਂ ਯਾਤਰਾਵਾਂ ਦਾ ਬਿਆਨ ਹੈ। ਪੰਜਵਾਂ ਸਰਗ ‘ਤੀਜੀ ਉਦਾਸੀ’ ਹੈ। ਇਸ ਅਧੀਨ ਅਰਬ, ਇਰਾਕ ਦੀ ਯਾਤਰਾ ਦਾ ਬਿਆਨ ਹੈ। ਹਾਜੀਆਂ ਦਾ ਰੂਪ ਧਾਰ ਕੇ ਗੁਰੂ ਜੀ ਕਸੂਰ ਗਏ ਫਿਰ ਪਾਕਪਟਨ, ਮੱਕੇ, ਤੁਲੰਬੇ, ਬਲੋਚਸਤਾਨ ਆਦਿ ਗਏ। ਛੇਵੇਂ ਸਰਗ ਵਿਚ ਗੁਰੂ ਸਾਹਿਬਾਨ ਨੂੰ ਕਾਰਤਾਰਪੁਰ ਵਸਦਿਆਂ, ਗ੍ਰ੍ਹਹਿਸਥ ਜੀਵਨ ਬਤੀਤ ਕਰਨ ਦੀਆਂ ਘਟਨਾਵਾਂ ਦੀ ਪੇਸ਼ਕਾਰੀ ਹੈ।