ਪੁਸਤਕ ਜੋਤਿ ਵਿਗਾਸ ਉੱਚ ਪ੍ਰਮਾਰਥੀ ਰੰਗਾਂ ਵਾਲੀ ਸਾਧ ਕਵਿਤਾ ਹੈ, ਜਿਸ ਵਿਚ ਇਸ ਦੇ ਕਰਤਾ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਨਾਮ-ਬਾਣੀ ਦੇ ਪ੍ਰਤਾਪ ਕਰਕੇ ਜੋ ਉੱਚ ਆਤਮਕ ਨਜ਼ਾਰੇ ਪੇਖੇ, ਜੋ ਗੁਰਮਤਿ ਦੇ ਗੁੱਝੇ ਭੇਤ ਉਹਨਾਂ ਦੇ ਤਜਰਬੇ ਵਿਚ ਆਏ – ਉਹਨਾਂ ਨੂੰ ਪ੍ਰੇਮ ਰੰਗਣ ਵਿਚ ਰੰਗੀਜ ਕੇ ਬੜੇ ਅਧਿਭੁਤ ਸ਼ਬਦਾਂ ਵਾਲੀ ਕਵਿਤਾ ਦੁਆਰਾ ਪ੍ਰਗਟ ਕੀਤਾ ਹੈ । ਇਹ ਕਵਿਤਾ ਕੀ ਹੈ ? ਭਗਤੀ ਭਾਵ, ਸਿੱਖੀ ਸਿਦਕ ਤੇ ਪ੍ਰੇਮ ਦੀ ਅਵਧੀ ਹੈ, ਇਸ ਦੇ ਪੜ੍ਹਨ ਤੋਂ ਕਰਤਾ ਜੀ ਦੀ ਉੱਚ ਆਤਮਕ ਮੰਜ਼ਲਾਂ ਵਿਚ ਅਰੂੜ ਹੋਈ ਬ੍ਰਿਤੀ ਦੀ ਬਿਸਮਾਦੀ ਦਸ਼ਾ ਦਾ ਪਤਾ ਲਗਦਾ ਹੈ ।