‘ਪੁਰਾਤਨ ਜਨਮਸਾਖੀ’ ਉਪਲਬਧ ਪ੍ਰਾਚੀਨ ਪੰਜਾਬੀ ਵਾਰਤਕ ਦੀ ਆਦਿ ਰਚਨਾ ਹੈ । ਇਸ ਦਾ ਮਹੱਤਵ ਆਰੰਭਿਕ ਵਾਰਤਕ ਹੋਣ ਕਾਰਣ ਹੀ ਨਹੀਂ, ਸਾਹਿਤਿਕ ਗੁਣ ਸੰਪੰਨਤਾ ਕਰਕੇ ਵੀ ਹੈ । ਸਿੱਖ ਧਰਮ ਦੇ ਪ੍ਰਵਰਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਮੁੱਢਲਾ ਵਿਵਰਣ ਪੇਸ਼ ਕਰਨ ਕਰ ਕੇ ਇਸ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ ਵੀ ਹੈ । ਭਾਵੇਂ ਭਾਈ ਵੀਰ ਸਿੰਘ ਜੀ ਨੇ ਇਸ ਜਨਮਸਾਖੀ ਦਾ ਪਰੰਪਰਿਕ ਢੰਗ ਨਾਲ ਸੰਪਾਦਨ ਕੀਤਾ ਸੀ, ਪਰ ਅਜੇ ਤਕ ਇਸ ਦਾ ਨ ਤਾਂ ਸੁਤੰਤਰ ਤੌਰ ‘ਤੇ ਕੋਈ ਵਿਵਸਥਿਤ ਅਧਿਐਨ ਹੋਇਆ ਹੈ ਅਤੇ ਨ ਹੀ ਸੰਪਾਦਨ ਕਰਨ ਦਾ ਉਦਮ ਕੀਤਾ ਗਿਆ ਹੈ । ਇਸ ਲਈ ਪ੍ਰਸਤੁਤ ਪੁਸਤਕ ਵਿਚ ਇਸ ਦਾ ਵਿਸ਼ਲੇਸ਼ਣਾਤਮਕ ਅਧਿਐਨ ਕਰਕੇ ਅਤੇ ਇਸ ਦੇ ਪਾਠ ਦਾ ਤਿਥੀ-ਅੰਕਿਤ ਹੱਥ-ਲਿਖਤਾਂ ਨਾਲ ਮਿਲਾਨ ਕਰਕੇ ਸੰਪਾਦਨ ਕਰਨ ਦਾ ਯਤਨ ਕੀਤਾ ਹੈ । ਇਸ ਦੇ ਪਾਠ ਨੂੰ ਅਧਿਕ ਸੁਬੋਧ ਬਣਾਉਣ ਲਈ ਅੰਤ ਵਿਚ ਕਠਿਨ ਸ਼ਬਦਾਂ ਦੀ ਅਰਥਾਵਲੀ ਵੀ ਦਿੱਤੀ ਹੈ ।