ਅਸਾਧਾਰਨ ਦ੍ਰਿਸ਼ਟੀ ਵਾਲੇ ਪ੍ਰਬੁੱਧ ਕਲਾਕਾਰ ਤੇਜਪ੍ਰਤਾਪ ਸਿੰਘ ਸੰਧੂ ਨੇ ਕੁਦਰਤ ਦੇ ਅਦਭੁੱਤ ਕਰਿਸ਼ਮਿਆਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਅਤੇ ਸ਼ਬਦ-ਸਾਧਕ ਗੁਰਭਜਨ ਸਿੰਘ ਗਿੱਲ ਨੇ ਢੁੱਕਵੀਆਂ ਰੁਬਾਈਆਂ ਸ਼ਾਮਲ ਕਰ ਕੇ ਇਨ੍ਹਾਂ ਮੂਕ ਚਿੱਤਰਾਂ ਨੂੰ ਨਵੇਂ ਅਰਥ ਦਿੱਤੇ ਹਨ। ਇਸ ਕਲਾਤਮਿਕ ਪੁਸਤਕ ਵਿਚ ਇਸ ਧਰਤੀ ਉਪਰ ਸਿਰਜਣਹਾਰ ਦੀਆਂ ਅਨਮੋਲ ਕੁਦਰਤੀ ਸੁਗਾਤਾਂ ਦੀ ਨਿਵੇਕਲੀ ਅਤੇ ਅਦਭੁੱਤ ਪੇਸ਼ਕਾਰੀ ਹੈ । ਸਾਡੀ ਇਸ ਤੇਜ਼ ਰਫ਼ਤਾਰੀ ਜ਼ਿੰਦਗੀ ਨੇ ਸਾਨੂੰ ਪ੍ਰਕਿਰਤੀ ਤੋਂ ਵਾਂਝੇਂ ਕਰ ਦਿੱਤਾ ਹੈ ਅਤੇ ਉਲਟਾ ਅਸੀਂ ਇਸ ਨੂੰ ਖ਼ਰਾਬ ਕਰਨ ’ਤੇ ਤੁਲੇ ਹੋਏ ਹਾਂ । ਇਹ ਪੁਸਤਕ ਸਾਨੂੰ ਸਿਰਜਣਹਾਰ ਵੱਲੋਂ ਸਿਰਜੀ ਸ੍ਰਿਸ਼ਟੀ ਨਾਲ ਮੁੜ ਜੋੜਨ ਅਤੇ ਮਾਣਨ ਦਾ ਵਸੀਲਾ ਹੈ। ਸੱਜਣ-ਸਨੇਹੀਆਂ ਨੂੰ ਭੇਟਾ ਕਰਨ ਲਈ ਇਹ ਪੁਸਤਕ ਅਦਭੁੱਤ ਤੋਹਫਾ ਹੈ।