ਗੁਰਭਜਨ ਗਿੱਲ ਦੀ ਕਾਵਿ-ਸੰਵੇਦਨਾ ਮਾਨਵੀ ਸਮਾਜ ਤੋਂ ਉਪਜੇ ਤਣਾਉ ਨੂੰ ਆਪਣੀ ਸਿਰਜਣਾਤਮਕਤਾ ਦਾ ਵਾਹਨ ਬਣਾਉਂਦੀ ਹੈ । ਉਹ ਆਪਣੀ ਕਵਿਤਾ ਅੰਦਰ ਜੀਵੰਤ ਸਮਾਜ ਵਿਚ ਜੀਣ ਦੀ ਤਮੰਨਾ ਦਾ ਪ੍ਰਵਚਨ ਉਸਾਰਦਾ ਹੈ । ਇਹ ਪ੍ਰਵਚਨ ਸਥਾਪਤੀ ਤੇ ਵਿਸਥਾਪਤੀ, ਵਿਅਕਤੀ ਤੇ ਸਮਾਜ ਦਰਮਿਆਨ ਉਪਜੇ ਤਣਾਉ ਵਿਚੋਂ ਅਰਥ ਗ੍ਰਹਿਣ ਕਰਦਾ ਹੈ । ਇਸੇ ਪ੍ਰਸੰਗ ਵਿਚ ਹੀ ਗੁਰਭਜਨ ਗਿੱਲ ਦੀ ਵਿਵੇਕਮਈ ਸੂਝ ਸਰਮਾਏਦਾਰੀ ਅਤੇ ਇਹਦੀਆਂ ਸੰਚਾਲਕ ਸ਼ਕਤੀਆਂ ਦੀ ਪਛਾਣ ਕਰਦੀ ਹੈ । ਉਹਦੀ ਕਵਿਤਾ ਪੰਜਾਬ ਦੀ ਮਿੱਟੀ ਦੀ ਮਹਿਕ ਦੇ ਗ੍ਰਹਿਣੇ ਸੰਤਾਪ ਦੇ ਕੇਂਦਰੀ ਸੂਤਰ ਦੀ ਨਿਸ਼ਾਨਦੇਹੀ ਕਰਦੀ ਮਨੁੱਖ ਦੀ ਸਵਾਰਥੀ ਰੁਚੀ ’ਤੇ ਉਗਲ ਧਰਦੀ, ਇਤਿਹਾਸਕ ਪ੍ਰਸੰਗ ਵਿਚ ਦੁਸ਼ਮਣ ਦੀ ਪਛਾਣ ਕਰਦੀ ਹੈ । ਕਾਵਿ-ਸੰਵੇਦਨਾ ਵਿਚਲੇ ਲੋਕ-ਮੁਹਾਵਰੇ ਦੀ ਪੇਸ਼ਕਾਰੀ ਵੀ ਗੁਰਭਜਨ ਗਿੱਲ ਦੀ ਸ਼ਾਇਰੀ ਦੀ ਪ੍ਰਾਪਤੀ ਹੈ ।