ਇਸ ਨਾਵਲ ਰਾਹੀਂ ਲੇਖਕ ਨੇ ਮੂਮਲ ਦੀ ਕਹਾਣੀ ਪੇਸ਼ ਕੀਤੀ ਹੈ ਜੋ ਮਾਰੂ ਦੇਸ਼ ਵਿਚ ਐਨੀ ਪਿਆਰੀ ਹੈ ਕਿ ਘਰ ਘਰ ਵਿਚ ਇਹਦੇ ਬਿਰਹਾ ਗੀਤ ਮਿੱਠੀ ਹੇਕ ਵਿਚ ਗਾਏ ਜਾਂਦੇ ਹਨ । ਇਸ ਕਹਾਣੀ ਵਿਚ ਕੁੱਝ ਨਾਂ ਤੇ ਘਟਨਾਵਾਂ ਘੜਨੀਆਂ ਪਈਆਂ ਹਨ ਅਤੇ ਕਈ ਪ੍ਰਚੱਲਤ ਗੱਲਾਂ ਨੂੰ ਛੱਡਿਆ ਹੈ । ਜਿਵੇਂ ਇਸ ਕਹਾਣੀ ਨਾਲ ਕਾਕ ਨਦੀ, ਲੌਦਰਵਾ ਅਤੇ ਉਮਰਕੋਟ ਜੁੜੇ ਹੋਏ ਹਨ; ਇਸ ਤਰ੍ਹਾਂ ਹੀ ਮਹਿੰਦਰ ਰਾਣੇ ਦੇ ਕੁੱਝ ਮੁਸਲਮਾਨ ਦੋਸਤ ਵੀ ਕੱਢੇ ਨਹੀਂ ਜਾ ਸਕਦੇ । ਮੁਹੰਮਦ ਬਿਨ ਕਾਸਮ ਦੇ ਹੱਲੇ ਪਿੱਛੋਂ ਸਿੰਧ ਵਿਚ ਲੋਕ ਮੁਸਲਮਾਨ ਬਣਨੇ ਸ਼ੁਰੂ ਹੋ ਗਏ ਸਨ । ਅਨੁਮਾਨ ਹੈ, ਮੂਮਲ ਦੀ ਇਹ ਕਹਾਣੀ ਉਹਨਾਂ ਹੀ ਪੰਜਾਹ-ਸੱਠ ਵਰ੍ਹਿਆਂ ਵਿਚਕਾਰ ਵਾਪਰੀ ਘਟਨਾ ਲਗਦੀ ਹੈ ।