ਮਨੁੱਖ ਜਾਤੀ ਲਈ ਡਾਰਵਿਨ ਦੀ ਸਭ ਤੋਂ ਵੱਡੀ ਦੇਣ ਅੰਧਵਿਸ਼ਵਾਸ ਤੇ ਰਹੱਸਵਾਦ ਦੇ ਮੁਕਾਬਲੇ ਵਿਗਿਆਨ ਤੇ ਤਰਕਸ਼ੀਲਤਾ ਦਾ ਝੰਡਾ ਬੁਲੰਦ ਕਰਨਾ ਹੈ । ਮਾਨਵ ਚਿੰਤਨ ਦਾ ਇਹ ਵਿਕਾਸਸ਼ੀਲ ਸਫ਼ਰ ਪਥਰਾਟ ਵਿਗਿਆਨ ਤੇ ਜੈਵਿਕ ਰਸਾਇਣ ਵਿਗਿਆਨ ਤੋਂ ਲੈ ਕੇ ਕਲੋਨਿੰਗ, ਜਨੈਟਿਕਸ, ਮਨੋਵਿਗਿਆਨ ਤੇ ਵਾਤਾਵਰਣ ਵਿਗਿਆਨ ਵੱਲ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ । ਧਰਤੀ ਵਾਂਗ ਦੂਜੇ ਗ੍ਰਹਿਆਂ ਤੇ ਜੈਵਿਕ ਵਿਕਾਸ ਦੀ ਸੰਭਾਵਨਾ ਨੂੰ ਦੇਖਦਿਆਂ ਸਾਨੂੰ ਆਪਣੀ ਖੋਜ ਦਾ ਰੁਖ਼ ਹੁਣ ਓਧਰ ਵੀ ਮੋੜਨਾ ਚਾਹੀਦਾ ਹੈ ਤਾਂ ਕਿ ਅਸੀਂ ਅੱਗੇ ਵਧ ਕੇ ‘ਬ੍ਰਹਿਮੰਡੀ ਏਪ’ ਵਜੋਂ ਇਸ ਗਤੀਸ਼ੀਲ ਬ੍ਰਹਿਮੰਡ ਵਿੱਚ ਆਪਣੇ ਆਪ ਨੂੰ ਢਾਲ ਸਕੀਏ । ਇਸ ਤਰ੍ਹਾਂ ਅਸੀਂ ਡਾਰਵਿਨ ਦੀ ਉਸ ਪਰਿਕਲਪਨਾ ਨੂੰ ਸਹੀ ਅਰਥਾਂ ਵਿੱਚ ਸਾਕਾਰ ਕਰ ਸਕਦੇ ਹਾਂ ਜੋ ਉਸਨੇ ਬਰਾਜ਼ੀਲ ਦੇ ਬਰਸਾਤੀ ਜੰਗਲਾਂ ਵਿੱਚ ਘੁੰਮਦਿਆਂ ਕੀਤੀ ਸੀ ।