ਜੀਵ ਦੀ ਉਤਪਤੀ ਦਾ ਮਸਲਾ ਹਮੇਸ਼ਾ ਬੁਨਿਆਦੀ ਦਾਰਸ਼ਨਿਕ ਮਸਲਾ ਰਿਹਾ ਹੈ । ਜਦ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ ਇਸ ਦਾ ਕੋਈ ਨਾ ਕੋਈ ਜਵਾਬ ਉਸਨੂੰ ਦੇਣਾ ਪਿਆ ਹੈ । ਆਪੋ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਸਦੀਆਂ ਤੋਂ ਵਿਦਵਾਨ ਇਸ ਦਾ ਉਤਰ ਦਿੰਦੇ ਆ ਰਹੇ ਹਨ । ਜੀਵ ਕਿਥੋਂ ਆਇਆ? ਬੇਜਾਨ ਮਾਦੇ ਵਿੱਚ ਜੀਵਨ ਦੀ ਰੌਅ ਕਿਵੇਂ ਧੜਕੀ? ਪਸ਼ੂ ਪੰਛੀ ਤੇ ਪੇੜ ਪੌਦਿਆਂ ਦੀ ਬਹੁਰੰਗੀ ਰਚਨਾ ਕਿਵੇਂ ਹੋਈ? ਤੇ ਸਭ ਤੋਂ ਉੱਪਰ ਇਹ ਕਿ ਖੁਦ ਮਨੁੱਖ ਕਿਵੇਂ ਹੋਂਦ ਵਿੱਚ ਆਇਆ? ਡਾਰਵਿਨ ਨੇ ਅਨੇਕਾਂ ਵਿਗਿਆਨਾਂ ਦੇ ਸੰਯੁਕਤ ਗਿਆਨ ਦੀ ਰੋਸ਼ਨੀ ਵਿੱਚ ਕੀਤੀ ਆਪਣੀ ਖੋਜ ਦੇ ਆਧਾਰ ਤੇ ਇਸ ਸਵਾਲ ਦਾ ਤਰਕਸੰਗਤ ਉੱਤਰ ਦਿਤਾ ਹੈ । ਇਸ ਤੋਂ ਪਹਿਲਾਂ ਪਰਮਾਤਮਾਂ ਦੁਆਰਾ ਸਿਰਜਣਾ ਦਾ ਸਿਧਾਂਤ ਹੀ ਪ੍ਰਚਲਤ ਸੀ । ਪਰ ਡਾਰਵਿਨ ਦੀ ਜੈਵਿਕ ਵਿਕਾਸ ਦੀ ‘ਥੀਊਰੀ ਆਫ ਐਵੋਲਿਊਸ਼ਨ’ ਨੇ ਸੰਸਾਰ ਦੇ ਦਾਰਸ਼ਨਿਕ ਇਤਿਹਾਸ ਨੂੰ ਦੋ ਭਾਗਾਂ ਵਿੱਚ ਵਿਭਾਜਤ ਕਰ ਦਿਤਾ-ਡਾਰਵਿਨ ਤੋਂ ਪਹਿਲਾ ਤੇ ਬਾਦ ਦਾ ਇਤਿਹਾਸ । ਇਸ ਨਾਲ ਜੈਵਿਕ ਰਚਨਾਂ ਦੇ ਮਾਮਲੇ ਵਿੱਚ ਪਰਮਾਤਮਾਂ ਦੀ ਹਜ਼ਾਰਾਂ ਸਾਲ ਤੋਂ ਚਲੀ ਆ ਰਹੀ ਅਜਾਰੇਦਾਰੀ ਸਮਾਪਤ ਹੋ ਗਈ । ਬਦਲਵਾਂ ਵਿਗਿਆਨਕ ਦ੍ਰਿਸ਼ਟੀਕੋਣ ਉਤਪਨ ਹੋ ਗਿਆ ।