ਜ਼ਮੀਨੀ ਸਬੰਧਾਂ ਨੂੰ ਨਵੀਆਂ ਲੀਹਾਂ ਉੱਤੇ ਢਾਲਣ ਦਾ ਸਵਾਲ, ਭਾਰਤ ਸਮੇਤ ਕਈ ਹੋਰਨਾਂ ਦੇਸਾਂ ਲਈ ਅੱਜ ਇਕ ਜਿਉਂਦਾ ਸਵਾਲ ਹੈ । ਇਸ ਸਵਾਲ ਦੇ ਸਫ਼ਲ ਹਲ ਲਈ ਕਿੰਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿੰਨ੍ਹਾਂ ਉਕਾਈਆਂ ਤੋਂ ਬਚਣਾ ਚਾਹੁੰਦਾ ਹੈ, ਸ਼ੋਲੋਖੋਵ ਦੀ ਇਹ ਸਾਹਿਤਕ ਕਿਰਤ ਇਸ ਸਬੰਧੀ ਕਿਸੇ ਉੱਤਮ ਵਿਗਿਆਨਕ ਕਿਰਤ ਨਾਲੋਂ ਘਟ ਸ੍ਰੇਸ਼ਟ ਨਹੀਂ । ਜਿੱਤ ਦਾ ਨਸ਼ਾ ਜਿਹੜੀਆਂ ਭੁਲਾਂ ਕਰਾਉਂਦਾ ਹੈ, ਸੱਜੇ ਤੇ ਖੱਬੇ ਕੁਰਾਹ ਕਿਸੇ ਮਹਾਨ ਲਹਿਰ ਦੀ ਰਵਾਨੀ ਨੂੰ ਕਿਵੇਂ ਬੰਨ੍ਹ ਮਾਰਦੇ ਹਨ, ਲੋਕਾਂ ਵਲ ਨੌਕਰਸ਼ਾਹ ਪਹੁੰਚ ਜਿਹੜੇ ਹਾਨੀਕਾਰਕ ਸਿੱਟੇ ਪੈਦਾ ਕਰਦੀ ਹੈ, ਪਰਚਾਰ ਦੇ ਹਥਿਆਰ ਨੂੰ ਲਹਿਰ ਦੇ ਹਿਤਾਂ ਲਈ ਕਿਵੇ ਵਰਤਣਾ ਚਾਹੀਦਾ ਹੈ, ਇਹਨਾਂ ਸਾਰਿਆਂ ਸਵਾਲਾਂ ਸਬੰਧੀ “ਧਰਤੀ ਪਾਸਾ ਪਰਤਿਆ” ਵਿਚੋਂ ਜਿਹੜੀ ਸਿਖਿਆ ਮਿਲਦੀ ਹੈ ਉਹ ਅੱਜ ਵੀ ਸਾਰਥਕ ਤੇ ਸੱਜਰੀ ਹੈ । ਰੂਪਕ ਪੱਖ ਤੋਂ ਸ਼ੋਲੋਖੋਵ ਇਸ ਪੁਸਤਕ ਵਿਚ ਜਿਹੜੀਆਂ ਸਿਖਰਾਂ, ਛੋਹਿਆ ਹੈ, ਕੁਦਰਤ ਦੇ ਬਿਆਨ ਵਿਚ ਅਤੇ ਮਨੁੱਖ ਦੇ ਮਨੋ-ਭਾਵਾਂ ਦੇ ਚਿਤਰਨ ਵਿਚ ਉਹਨੇ ਜਿਹੜੀ ਕਮਾਲ ਵਿਖਾਈ ਹੈ, ਆਪਣੇ ਚੰਗੇ ਮੰਦੇ ਸਭ ਪਾਤਰਾਂ ਨਾਲ ਜਿਵੇਂ ਉਹ ਡੂੰਘੀ ਹਮਦਰਦੀ ਉਪਜਾਉਂਦਾ ਹੈ । ਉਹ ਸਭ, ਕਿਸੇ ਵਿਚੋਲਗੀ ਦਾ ਮੁਥਾਜ ਨਹੀਂ ।