ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਬਾਨੀ ਸਨ ਤੇ ਅਦਭੁੱਤ ਕਿਸਮ ਦੇ ਕ੍ਰਾਂਤੀਕਾਰੀ, ਸੋਚਵਾਨ, ਸਮਾਜ-ਸੁਧਾਰਕ, ਸ਼ਾਇਰ ਤੇ ਸੈਲਾਨੀ ਵੀ ਸਨ । ਸੋਲ੍ਹਵੀਂ ਸਦੀ ਵਿਚ ਜਿਵੇਂ ਉਨ੍ਹਾਂ ਧਰਮ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਸਹੀ ਸੇਧ ਦਿੱਤੀ, ਉਸਦਾ ਚਰਚਾ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਹੈ । ਪੁਸਤਕ ਦਾ ਦੂਜਾ ਭਾਗ ਇਸ ਗੱਲ ਦੀ ਵਿਆਖਿਆ ਕਰਦਾ ਹੈ ਕਿ ਸਤਿਗੁਰਾਂ ਸ਼ਬਦ ਬਾਣੀ ਦੁਆਰਾ, ਕਿਸ ਤਰ੍ਹਾਂ ਮਾਨਸਿਕ ਪਵਿੱਤ੍ਰਤਾ ਤੇ ਉੱਚਤਾ ਲਿਆਉਣ ਦਾ ਉਪਰਾਲਾ ਕੀਤਾ । ਇਸ ਨਵੀਂ ਵਿਧੀ ਦੇ ਕੀ ਸਿੱਟੇ ਨਿਕਲੇ ਤੇ ਕਿਵੇਂ ਉਨ੍ਹਾਂ ਦੇ ਵਿਚਾਰਾਂ ਅਤੇ ਉਪਕਾਰਾਂ ਦੇ ਹਿੰਦੂ, ਮੁਸਲਿਮ, ਸਿੱਖ, ਈਸਾਈ ਤੇ ਦੇਸੀ ਬਿਦੇਸੀ ਲੇਖਕਾਂ ਇਕ ਜ਼ਬਾਨ ਹੋ ਕੇ ਗੁਣ ਗਾਏ, ਇਹ ਤੀਜੇ ਭਾਗ ਵਿਚ ਦਰਜ ਹੈ । ਚੌਥਾ ਭਾਗ ਗੁਰੂ ਬਾਬੇ ਦੀ ਚੋਣਵੀਂ ਬਾਣੀ ਲਈ ਸਮਰਪਿਤ ਹੈ, ਜਿਸ ਨੇ ਇਹ ਸਾਰੀ ਕਰਾਮਾਤ ਕਰ ਕੇ ਦਿਖਾਈ ।