ਇਹ ਪੁਸਤਕ ਫਿਰਕੂ ਤੇ ਤੰਗ ਉਦੇਸ਼ ਨਾਲ ਤਿਆਰ ਨਹੀਂ ਕੀਤੀ । ਇਸਦਾ ਉਦੇਸ਼ ਪਾਠਕ ਨੂੰ ਨਵੀਂ ਵਿਵਸਥਾ ਬਾਰੇ ਸੋਚਣ ਲਈ ਉਕਸਾਉਣਾ ਹੈ । ਇਹ ਉਹੀ ਮੁੱਦਾ ਹੈ ਜਿਸਨੂੰ ਅਜੋਕੇ ਚਿੰਤਕ ‘ਨਿਆਂ’ ਦੀ ਸੰਗਿਆ ਦਿੰਦੇ ਹਨ । ਗੁਰੂ ਨਾਨਕ ਨਿਆਂ ਲਈ ਵੱਡਾ ਅੰਦੋਲਨ ਚਲਾ ਰਹੇ ਸਨ ਅਤੇ ਇਸ ਨਿਆਂ ਦਾ ਘੇਰਾ ਮਨੁੱਖੀ ਨਿੱਜ (ਹਉਮੈ) ਤੋਂ ਲੈ ਕੇ ਦੈਵੀ-ਨਿਆਂ (ਧਰਮ) ਤਕ ਫੈਲਿਆ ਹੋਇਆ ਹੈ । ਦੁਨੀਆਂ ਦੇ ਹਰ ਦੁਖੀ ਅਤੇ ਲੁੱਟੇ ਜਾ ਰਹੇ ਮਨੁੱਖ ਨੂੰ ਗੁਰੂ ਨਾਨਕ ਦੀ ਲੋੜ ਹੈ । ਬਾਬਾ ਹਰ ਤਰ੍ਹਾਂ ਦੇ ਰੋਗੀਆਂ ਦਾ ਵੈਦ ਬਣ ਕੇ ਬਹੁੜਿਆ । ਬਾਬੇ ਨੇ ਤਨ-ਮਨ-ਆਤਮਾ ਸਭ ਦੀ ਅਰੋਗਤਾ ਲਈ ਮਾਰਗ-ਦਰਸ਼ਨ ਕੀਤਾ । ਜਦ ਤੀਕ ਮਨੁੱਖ ਇਨ੍ਹਾਂ ਤਿੰਨਾਂ ਵਿਚੋਂ ਇਕ ਦਾ ਵੀ ਰੋਗੀ ਹੈ, ਮਨੁੱਖ ਸੁੱਖੀ ਨਹੀਂ ਹੋ ਸਕਦਾ ।