ਗੁਰਬਾਣੀ ਦਾ ਅੰਮ੍ਰਿਤ-ਗਿਆਨ, ਦੈਵਤ-ਵਾਦ ਚੋਂ ਬਾਹਰ ਕਢਕੇ ਜਗਿਆਸੂ ਨੂੰ ਇਕ ਜਗਤੇਸ਼ਵਰ ਨਾਲ ਪਿਉਂਦ ਕਰ ਦਿੰਦਾ ਹੈ । ਆਮ ਤੌਰ ਤੇ ਮਨੁੱਖ ਦਾ ਸੁਭਾਵ ਗਿਣਤੀਆਂ ਦੇ ਚੱਕ੍ਰ ਵਿੱਚ ਡਾਵਾਂ-ਡੋਲ ਹੋਇਆ ਰਹਿੰਦਾ ਹੈ । ਜੀਵ, ਭਾਵੇਂ ਘਰ ਬੈਠੇ, ਭਾਵੇਂ ਗੁਰਦੁਆਰੇ ਜਾਵੇ, ਭਾਵੇਂ ਦੁਕਾਨ ਤੇ ਬੈਠੇ ਭਾਵੇਂ ਦਫਤਰ ਵਿਚ ਹੋਵੇ, ਇਸ ਦਾ ਮਨ ਸਦਾ ਗਿਣਤੀਆਂ ਵਿਚ ਗ੍ਰੱਸਿਆ ਰਹਿੰਦਾ ਹੈ । ਉਠਣ-ਬੈਠਣ, ਖਾਣ-ਪੀਣ ਤੇ ਸੌਣ ਸਮੇਂ ਵੀ ਥਿੱਤਾਂ-ਵਾਰਾਂ ਦੇ ਸੰਸਿਆਂ ਵਿਚ ਪਿਆ ਹੋਇਆ ਭਟਕਦਾ ਰਹਿੰਦਾ ਹੈ । ਵੇਖਣ ਵਿੱਚ ਆਉਂਦਾ ਹੈ ਕਿ ਕਈ ਵਾਰੀ ਕਥਾ ਵਾਚਕ ਵੀ ਗਿਣਤੀਆਂ ਦਾ ਵਾਸਤਵ ਭੇਦ ਦਸਣ ਤੇਂ ਅਸਮਰਥ ਰਹਿੰਦੇ ਹਨ ਕਿਉਂਕਿ ਗਲ ਨਿਰੀ ਗਿਣਤੀ ਦੇ ਅਰਥਾਂ ਨਹੀਂ ਹੁੰਦੀ ਗੁਹਝ ਭਾਵ ਸਮਝਣ ਦੀ ਹੁੰਦੀ ਹੈ । ਬਿਨਾਂ ਡੂੰਘਾ ਅਧਿਐਨ ਕਰਨ ਦੇ, ਅਖਰਾਂ ਦੀ ਸਾਰਖਤਾ ਨੂੰ ਬਿਆਨ ਕਰਨਾ ਬਹੁਤ ਹੀ ਔਖਾ ਹੈ । ਸਚਾਈ ਇਹ ਹੈ ਕਿ ਅਜਿਹੇ ਸ੍ਰੇਸ਼ਟ ਕੰਮ ਆਪਣੇ ਬਲ ਨਾਲ ਸੰਪੰਨ ਹੋਣੇ ਸੰਭਵ ਨਹੀਂ ਹੁੰਦੇ । ਹਾਂ, ਜੇ ਸਾਈਆਂ ਜੀਉ ਦੀ ਨਦਰਿ, ਮਿਹਰ ਹੋ ਜਾਵੇ ਤਾਂ ਓਹ ਆਪ ਹੀ ਉਦਮ ਬਖ਼ਸ਼ ਕੇ ਜੀਵ ਨੂੰ ਆਹਰੇ ਲਾ ਦੇਂਦੇ ਹਨ । ਦਾਸਰੇ ਨੂੰ ਸਾਈਆਂ ਜੀਉ ਨੇ ਉਦਮ ਬਖ਼ਸ਼ਿਆ ਜਿਸ ਦੇ ਫਲਸਰੂਪ ਇਹ ਕਾਰਜ ਸੰਪੰਨ ਹੋਇਆ ।