ਇਹ ਇਕ ਅਟੱਲ ਸਚਾਈ ਹੈ ਕਿ ਜਿਹੋ ਜਿਹਾ ਜੀਵਨ ਕਿਸੇ ਨੇ ਜੀਵਿਆ ਹੋਵੇ, ਉਸ ਦੇ ਵੀਚਾਰਾਂ ਚੋਂ ਉਹੋ ਜਿਹੀ ਸੁਗੰਧੀ ਪ੍ਰਗਟ ਹੁੰਦੀ ਹੈ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੋਹ-ਮਾਇਆ ਤੋਂ ਰਚਿਤ, ਭਜਨ-ਬੰਦਗੀ ਸਹਿਤ ਬੈਰਾਗਮਈ ਸਮਾਧੀ ਵਾਲਾ ਜੀਵਨ ਜੀਵਿਆ, ਇਸ ਲਈ ਆਪ ਜੀ ਦੀ ਰਚਨਾ ਚੋਂ ਤਿਆਗ, ਬੈਰਾਗ ਅਤੇ ਅਨੁਰਾਗ ਦਾ ਰਸ ਰੂਪਮਾਨ ਹੋਣਾ ਸੁਭਾਵਿਕ ਹੈ । ਧਰਮ ਤੇ ਪਰਉਪਕਾਰ ਦੀ ਖਾਤਰ ਜਿਸ ਸੰਘਰਸ਼ ਚੋਂ ਆਪ ਸਫਲ ਹੋਏ, ਸੰਸਾਰ ਵਿਚ ਉਸ ਦੀ ਮਿਸਾਲ ਮਿਲਣੀ ਅਸੰਭਵ ਹੈ । ਆਪ ਜੀ ਦੀ ਅੰਮ੍ਰਿਤ ਬਾਣੀ ਧਰਮ ਦਾ ਪੱਕਾ ਧਾਰਨੀ ਬਣਾਉਂਦੀ ਹੈ ਅਤੇ ਵਿਸ਼ੇ ਵਿਕਾਰਾਂ ਦੀ ਸੰਗਤ ਤੋਂ ਖਹਿੜਾ ਛੁਡਾਉਣ ਵਾਲੀ ਪ੍ਰਬਲ ਪ੍ਰੇਰਨਾ ਦਿੰਦੀ ਹੈ ।