ਗੁਰਬਾਣੀ ਦੇ ਅਰਥਾਂ ਲਈ ਸਹਾਇਕ ਪੁਸਤਕਾਂ ਤੇ ਸਟੀਕਾਂ ਦੇ ਹੁੰਦਿਆਂ ਇਸ ਸਟੀਕ ਦੀ ਕਿਉਂ ਲੋੜ ਪਈ? ਇਸ ਲਈ ਕਿ ਇਸ ਵਿਚ ਹੇਠ ਲਿਖੀ ਵਿਲੱਖਣਤਾ ਹੈ, ਜਿਸ ਦੀ ਕਿ ਪਹਿਲੇ ਲਿਖੇ ਜਾ ਚੁਕੇ ਸਟੀਕਾਂ ਵਿਚ ਅਣਹੋਂਦ ਸੀ :- ੧. ਆਰੰਭ ਵਿਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰਚਨਾ ਸੰਪਾਦਨਾ ਤੇ ਗੁਰਿਆਈ ਬਾਰੇ ਇਤਿਹਾਸਕ ਗਰੰਥਾਂ ਦੇ ਹਵਾਲੇ ਦੇ ਕੇ ਭਰਪੂਰ ਵਾਕਫੀਅਤ ਦਰਜ ਕੀਤੀ ਹੈ । ੨. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਬਾਰੇ ਗੁਰਮਰਯਾਦਾ ਦੇ ਸਿਰਲੇਖ ਹੇਠ ਵਡਮੁੱਲੀ ਜਾਣਕਾਰੀ ਇਕੱਤਰ ਕਰਕੇ ਮਹਾਨ ਪਰਉਪਕਾਰੀ ਕਾਰਜ ਕੀਤਾ ਹੈ । ੩. ਗੁਰਬਾਣੀ ਪਾਠ ਦਰਸ਼ਨ ਸਿਰਲੇਖ ਹੇਠ ਗੁਰਬਾਣੀ ਦੇ ਪਾਠ ਕਰਨ ਸਮੇਂ ਪਦ-ਵੰਡ, ਬਿਸਰਾਮ ਤੇ ਸ਼ੁੱਧ ਉਚਾਰਨ ਸਬੰਧੀ ਨਵੀਨ ਖੋਜ ਦੁਆਰਾ ਵਿਸ਼ੇਸ਼ ਚਾਨਣਾ ਪਾਇਆ ਹੈ । ੪. ਗੁਰਬਾਣੀ ਅੰਕਾਵਲੀ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਅੰਕਾਂ ਦੇ ਭਾਵ ਨੂੰ ਸਪਸ਼ਟ ਕੀਤਾ ਹੈ ਤੇ ਦਸਿਆ ਹੈ ਕਿ ਕਿੰਨ੍ਹਾਂ ਅੰਕਾਂ ਨੂੰ ਉਚਾਰਨ ਕਰਨਾ ਹੈ ਤੇ ਕਿੰਨ੍ਹਾਂ ਨੂੰ ਨਹੀਂ ਕਰਨਾ । ਪੈਰ ਅੰਕਾਂ ਦਾ ਵੀ ਮਤਲਬ ਸਮਝਾਇਆ ਹੈ । ੫. ‘ਪਹਿਲੀ ਪੋਥੀ ਦਾ ਬਾਣੀ ਬਿਉਰਾ’ ਨਾਮ ਦੇ ਸਿਰਲੇਖ ਹੇਠ ਇਕ ਨਕਸ਼ਾ ਬਣਾ ਕੇ ਉਸ ਵਿਚ ਬਾਣੀ ਦਾ ਕਰਤਾ, ਬਾਣੀ ਦਾ ਨਾਮ, ਪੰਨਾ, ਸ਼ਬਦਾਂ, ਅਸ਼ਟਪਦੀਆਂ, ਪਹਿਰੇ, ਛੰਤ, ਵਣਜਾਰਾ, ਵਾਰ, ਪਉੜੀ ਤੇ ਸਲੋਕ ਦੇ ਖਾਨਿਆਂ ਵਿਚ ਵੱਖ ਵੱਖ ਵੇਰਵਾ ਲਿਖ ਕੇ ਹੇਠ ਵਖ ਵਖ ਖਾਨਿਆਂ ਦੇ ਜੋੜ ਲਿਖ ਕੇ ਸਟੀਕ ਵਿਚ ਇਕ ਨਵੀਂ ਪਰੰਪਰਾ ਆਰੰਭ ਕੀਤੀ ਹੈ ਜੋ ਪਾਠਕਾਂ ਲਈ ਲਾਭਕਾਰੀ ਸਾਬਤ ਹੋਵੇਗੀ । ੬. ਮੂਲ ਮੰਤ੍ਰ ਦੇ ਅਰਥ, ਵਿਆਖਿਆ, ਸ਼ੰਕਾ ਤੇ ਸਮਾਧਾਨ ਅਤੇ ਸਾਰ ਸਿਧਾਂਤ ਦਾ ਵਿਦਵਤਾ, ਖੋਜ ਤੇ ਯੁਕਤੀਆਂ ਦੁਆਰਾ ਵਰਣਨ ਕਰਤਾ ਦੀ ਤੀਖਣ ਪ੍ਰਤਿਭਾ ਦਾ ਸੂਚਕ ਹੈ । ੭. ਗੁਰਬਾਣੀ ਦੇ ਮੂਲ ਪਾਠ ਨੂੰ ਬਿਸਰਾਮ ਦੇ ਕੇ ਮੋਟੇ ਅੱਖਰਾਂ ਵਿਚ ਛਾਪਿਆ ਹੈ ਤਾਂ ਕਿ ਗੁਰਬਾਣੀ ਦਾ ਵੱਖਰਾਪਨ ਸ਼ੀਘਰ ਹੀ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਹੋ ਸਕੇ ਤੇ ਸ਼ੁੱਧ ਪਾਠ ਕੀਤਾ ਜਾ ਸਕੇ । ਫਿਰ ਉਚਾਰਨ ਸਿਰਲੇਖ ਹੇਠ ਪਹਿਲਾਂ ਇਹ ਸ਼ਬਦ ਲਿਖੇ ਹਨ ਜੋ ਬਿੰਦੇ ਸਹਿਤ ਉਚਾਰਨ ਕਰਨੇ ਹਨ । ਫਿਰ ਉਹ ਸ਼ਬਦ ਜਿਨ੍ਹਾਂ ਦਾ ਬਿੰਦੇ ਰਹਿਤ ਉਚਾਰਨ ਕਰਨਾ ਹੈ, ਅਗੋਂ ਕੁਝ ਫੁਟਕਲ ਉਚਾਰਨ ਸਬੰਧੀ ਜਾਣਕਾਰੀ ਨਿਰੂਪਣ ਕੀਤੀ ਹੈ । ਪਦ-ਅਰਥ, ਸ਼ੰਕੇ ਤੇ ਨਿਰਣੈ ਅੰਤ ਵਿਚ ਸਿਧਾਂਤ ਦਾ ਨਿਰੂਪਣ, ਸਟੀਕ ਨੂੰ ਪਹਿਲੇ ਛਪ ਚੁਕੇ ਸਟੀਕਾਂ ਤੋਂ ਵਿਲੱਖਣ ਰੂਪ ਦੇ ਦੇਂਦਾ ਹੈ । ੮. ਗੁਰਬਾਣੀ ਦੇ ਲਗਮਾਤ੍ਰੀ ਨੇਮਾਂ ਤੇ ਅਧਾਰਤ ਅਰਥ ਕੀਤੇ ਗਏ ਹਨ । ੯. ਸ਼ਬਦ ਸਰੂਪਾਂ ਬਾਰੇ ਜਾਣ-ਪਛਾਣ, ਪਾਠ ਭੇਦ ਅਤੇ ਉਨ੍ਹਾਂ ਬਾਰੇ ਹਥ-ਲਿਖਤੀ ਬੀੜਾਂ ਦੇ ਹਵਾਲੇ ਸੋਨੇ ਤੇ ਸੁਹਾਗੇ ਦਾ ਕੰਮ ਕਰਦੇ ਹਨ । ੧੦. ਪ੍ਰਸਿਧ ਟੀਕਾਕਾਰਾਂ ਦੇ ਵਖ ਵਖ ਅਰਥਾਂ ਦੇ ਸੰਤੁਲਤ ਵਿਚਾਰ ਜਿਸ ਦਾ ਪਾਠਕਾਂ ਨੂੰ ਇਹ ਲਾਭ ਹੈ ਕਿ ਬਹੁਤੇ ਟੀਕੇ ਲੱਭਣ ਦੀ ਲੋੜ ਨਹੀਂ, ਸਾਰੀ ਅਰਥ ਸਮੱਗਰੀ ਇਕੋ ਥਾਂ ਤੋਂ ਲਭ ਪੈਂਦੀ ਹੈ । ੧੧. ‘ਸ਼ੰਕਾਵਾਦੀ ਅਰਥ ਭੇਦ ਅਤੇ ਨਿਰਣੈ’ ਸਿਰਲੇਖ ਹੇਠ ਹਰ ਸ਼ਬਦ ਦੇ ਉਨ੍ਹਾਂ ਅਰਥਾਂ ਬਾਰੇ ਵਿਸਥਾਰ ਸਹਿਤ ਵਿਚਾਰ ਅੰਕਿਤ ਕੀਤੇ ਹਨ ਜਿਨ੍ਹਾਂ ਬਾਰੇ ਟੀਕਾਕਾਰਾਂ ਵਿਚ ਮਤਭੇਦ ਹਨ । ਨਵੀਂ ਖੋਜ ਤੇ ਯੁਕਤੀਆਂ ਦੁਆਰਾ ਉਨ੍ਹਾਂ ਬਹੁਤੇ ਅਰਥਾਂ ਚੋਂ ਇਕ ਅਰਥ ਦਾ ਨਿਰਣਾ ਕੀਤਾ ਗਿਆ ਹੈ ਜੋ ਪਾਠਕਾਂ ਲਈ ਬੇਹੱਦ ਲਾਹੇਵੰਦ ਹੈ । ੧੨. ਆਪਣੇ ਵਲੋਂ ਕੀਤੇ ਅਰਥਾਂ ਦੀ ਪੁਸ਼ਟੀ ਲਈ ਹੋਰ ਅੱਡ ਅੱਡ ਥਾਵਾਂ ਤੇ ਗੁਰਬਾਣੀ ਦੇ ਪ੍ਰਮਾਣ ਇਕੱਤਰ ਕਰਕੇ ਪਾਠਕਾਂ ਦੀ ਚੰਗੀ ਤਰ੍ਹਾਂ ਤਸੱਲੀ ਕਰਵਾਈ ਗਈ ਹੈ ।