‘ਟੁੱਟੀ ਵੀਣਾ’ ਤੇ ‘ਗੰਗਾਜਲੀ ਵਿਚ ਸ਼ਰਾਬ’ ਵਾਸਤਵ ਵਿਚ ਇਕੋ ਕਹਾਣੀ ਦੇ ਦੋ ਭਾਗ ਹਨ, ਪਰ ਇਨ੍ਹਾਂ ਦੋਹਾਂ ਦੀ ਵਿਉਂਤ ਐਸੀ ਰੱਖੀ ਹੈ ਕਿ ਪਲਾਟ ਦੇ ਲਿਹਾਜ਼ ਨਾਲ ਇਹ ਦੋਵੇਂ ਨਾਵਲ ਵੱਖੋ ਵੱਖਰੇ ਜਾਪਣ । ਸਮੁੱਚੇ ਤੌਰ ਤੇ ਇਹ ਦੋਵੇਂ ਨਾਵਲ, ਮਾਨਵਤਾ ਦੀ ਸਟੇਜ ਉਤੇ ਇਕ ਛੋਟਾ ਜਿਹਾ ਨਾਟਕ ਹੈ, ਜਿਸ ਵਿਚ ਤਿੰਨਾਂ ਝਾਕੀਆਂ ਰਾਹੀ ਇਸਤ੍ਰੀ ਦੀ ਰੂਹ ਨੂੰ ਵਾਰੋ ਵਾਰੀ ਰੰਗ ਮੰਚ ਤੇ ਲਿਆਂਦਾ ਗਿਆ ਹੈ । ਹਰ ਝਾਤੀ ਵਿਚ ਇਹ ਰੂਹ ਵੱਖੋ ਵੱਖ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ ਤੇ ਆਪਣਾ ਅਭਿਨੈ ਕਰ ਕੇ ਚਲੀ ਜਾਂਦੀ ਹੈ।