ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿਸ ਤਰੀਕੇ ਨਾਲ ਲਿਖਿਆ ਗਿਆ ਹੈ ਉਸੀ ਤਰੀਕੇ ਨੂੰ ਸਮਝ ਕੇ, ਉਸ ਅਨੁਸਾਰ ਹੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਪਰਿਭਾਸ਼ਾ ਨੂੰ ਸਮਝਣਾ ਪਵੇਗਾ । ਇਹ ਕਾਵਿ-ਰੂਪ ਅਤੇ ਸੰਗੀਤਕ ਤਰਤੀਬ ਵਿਚ ਵਿਆਕਰਣ ਦੇ ਨਿਯਮਾਂ ਅਨੁਸਾਰ ਲਿਖੀ ਗਈ ਹੈ । ਇਸ ਦੀ ਬਣਤਰ ਵਿਕੋਲਿਤਰੀ ਹੈ, ਇਸ ਵਿਚ ਸਿਰਲੇਖ, ਰਹਾਉ, ਛੰਤ, ਪਉੜੀ, ਸਲੋਕ ਅਤੇ ਵਾਰ ਇਤਿਆਦਿ ਰਾਹੀਂ ਸੱਚ ਦਾ ਸੁਨੇਹਾ ਦੇਣ ਦਾ ਜਤਨ ਕੀਤਾ ਗਿਆ ਹੈ । ਲੋਕ ਗੀਤ, ਲੋਕ ਭਾਸ਼ਾ ਅਤੇ ਪ੍ਰਚਲਤ ਅਨੇਕਾਂ ਬੋਲੀਆਂ ਦੇ ਅਖਾਣ, ਪ੍ਰਮਾਣ ਅਤੇ ਪ੍ਰਚਲਤ ਅਖੌਤੀ ਕਹਾਣੀਆਂ ਦੇ ਪ੍ਰਤੀਕ ਵਰਤ ਕੇ ਗੁਰਮਤ ਸਿਧਾਂਤਾਂ ਨੂੰ ਦ੍ਰਿੜ ਕਰਵਾਇਆ ਗਿਆ ਹੈ ।