ਅਕਾਲ ਤਖ਼ਤ ਸਾਹਿਬ ਦੀ ਸਿੱਖ ਸੰਸਥਾਵਾਂ ਦੇ ਪ੍ਰਸੰਗ ਵਿਚ ਸਦਾ ਕੇਂਦਰੀ-ਸੰਸਥਾ ਵਾਲੀ ਭੂਮਿਕਾ ਰਹੀ ਹੈ । ਅਕਾਲ ਤਖ਼ਤ ਸਾਹਿਬ ਪਹਿਲਾਂ ਗੁਰੂ-ਸੰਸਥਾ (ਜੋਤਿ) ਹੈ ਅਤੇ ਪਿੱਛੋਂ ਪੰਥਕ-ਸੰਸਥਾ (ਜੁਗਤਿ) ਹੈ । ਇਸ ਵਿਚ ਤੀਜੀ ਧਿਰ ਤਖ਼ਤ-ਪ੍ਰਬੰਧਨ ਹੈ ਅਤੇ ਇਸ ਦਾ ਪ੍ਰਤਿਨਿਧ ਤਖ਼ਤ-ਜਥੇਦਾਰ ਹੈ । ਤਖ਼ਤ-ਪ੍ਰਬੰਧਨ ਕੋਲ ਪ੍ਰਬੰਧਕੀ ਅਵਸਰ ਤਾਂ ਹਨ, ਪਰ ਗੁਰੂ-ਸੰਸਥਾ ਵਾਲੀ ਪ੍ਰਭੂਸੱਤਾ ਨਹੀਂ ਹੈ । ਇਹ ਪ੍ਰਬੰਧਕੀ ਅਵਸਰ, ਪ੍ਰਬੰਧਕੀ ਨੈਤਿਕਤਾ ਤਾਂ ਹਨ, ਪਰ ਪ੍ਰਬੰਧਕੀ-ਅਧਿਕਾਰ ਨਹੀਂ ਹਨ । ਹੱਥਲੀ ਪੁਸਤਕ ਅਕਾਲ ਤਖ਼ਤ ਸਾਹਿਬ ਦੀ ਸ਼ਾਨਾ-ਮੱਤੀ ਸੰਸਥਾ ਦੇ ਦਾਰਸ਼ਨਿਕ ਪਰਿਪੇਖ ਨੂੰ ਸਪੱਸ਼ਟ ਕਰਦਿਆਂ ਇਸ ਗੱਲ ਦੀ ਵੀ ਸ਼ਨਾਖ਼ਤ ਕਰਦੀ ਹੈ ਕਿ ਗੁਰੂਕਿਆਂ ਨੇ ਇਹ ਰਸਤਾ ਕਿਵੇਂ ਬਦਲ ਲਿਆ ਅਤੇ ਤਖ਼ਤ-ਸੰਸਥਾ, ਇਸ ਨਾਲ ਕਿਵੇਂ ਅਤੇ ਕਿਉਂ ਪ੍ਰਭਾਵਿਤ ਹੋਈ । ਸਿੱਖ ਸਮਾਜ ਦੇ ਇਸ ਰਸਾਤਲੀ ਵਿਹਾਰ ਦੀ ਮਰਜ਼ ਪਛਾਣ ਕੇ ਲੇਖਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਸਿੱਖ ਅਵਚੇਤਨ ਨੂੰ ਸੀਂਖਣ ਦਾ ਉਪਕਾਰ ਕੀਤਾ ਹੈ, ਜਿਸ ਨਾਲ ਗੁਰਮਤਿ ਗਾਡੀ ਰਾਹ ਸੂਰਤ-ਵੱਤ ਰੌਸ਼ਨ ਹੋ ਜਾਂਦਾ ਹੈ ।