ਇਸ ਪੁਸਤਕ ਵਿਚ ਪੰਜ ਪ੍ਰਸਿੱਧ ਵਿਦਵਾਨਾਂ, ਡਾ. ਦੇਵਿੰਦਰ ਸਿੰਘ ਵਿਦਿਆਰਥੀ, ਪ੍ਰੋ. ਪ੍ਰੀਤਮ ਸਿੰਘ, ਡਾ. ਦਰਸ਼ਨ ਸਿੰਘ, ਪ੍ਰਿੰਸੀਪਲ ਹਰਿਭਜਨ ਸਿੰਘ ਅਤੇ ਡਾ. ਧਰਮਪਾਲ ਮੈਣੀ ਵਲੋਂ ਸਮੇਂ ਸਮੇਂ ਦਿੱਤੇ ਵਿਖਿਆਨ ਸ਼ਾਮਲ ਹਨ ਜਿਨ੍ਹਾਂ ਦਾ ਸੰਪਾਦਨ ਡਾ. ਬਲਕਾਰ ਸਿੰਘ ਨੇ ਕੀਤਾ ਹੈ। ਇਨ੍ਹਾਂ ਵਿਦਵਾਨਾਂ ਲੇਖਕਾਂ ਨੇ ਜਿਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਸੰਪਾਦਨ ਉਤੇ ਰੌਸ਼ਨੀ ਪਾਈ ਹੈ, ਉਥੇ ਗੁਰਮਤਿ ਦੇ ਵੱਖ ਵੱਖ ਪਹਿਲੂਆਂ ਨੂੰ ਵੀ ਆਪਣੀ ਆਪਣੀ ਪਹੁੰਚ ਦਵਾਰਾ ਉਜਾਗਰ ਕੀਤਾ ਹੈ। ਅਜੋਕੇ ਪਦਾਰਥਵਾਦੀ ਤੇ ਮਾਇਆਗ੍ਰਸਤ ਸੰਸਾਰ-ਸਮਾਜ ਨੂੰ ਇਸ ਸਮੇਂ ਅਧਿਆਤਮਕ ਸੇਧ ਦੀ ਫੌਰੀ ਤੇ ਅਤਿ ਲੋੜ ਹੈ। ਇਨ੍ਹਾਂ ਲੇਖਾਂ ਵਿਚ ਗੁਰਮਤਿ ਦੀ ਮਨੁੱਖਾ ਜੀਵਨ ਪ੍ਰਤੀ ਸਾਰਥਕ ਪਹੁੰਚ ਦੀ ਵਿਆਖਿਆ ਇਸ ਲੋੜ ਨੂੰ ਭਲੀ ਭਾਂਤ ਪੂਰਾ ਕਰੇਗੀ। ਗੁਰਬਾਣੀ ਦੇ ਖੋਜੀਆਂ, ਵਿਦਿਆਰਥੀਆਂ ਅਤੇ ਪਾਠਕਾਂ ਲਈ ਇਹ ਪੁਸਤਕ ਨਿਸਚੇ ਹੀ ਲਾਹੇਵੰਦ ਹੋਵੇਗੀ।