35 ਲੇਖਾਂ ਦਾ ਇਹ ਸੰਗ੍ਰਹਿ ਪੰਜਾਬੀ ਵਾਰਤਕ ਵਿਚ ਇਕ ਮੀਲ-ਪੱਥਰ ਹੈ । ਇਨ੍ਹਾਂ ਲੇਖਾਂ ਰਾਹੀਂ ਲੇਖਕ ਸੁੱਚਜਾ ਜੀਵਨ ਜੀਊਣ ਲਈ ਹਾਂ-ਪੱਖੀ ਸੋਚ ਤੇ ਵਿਹਾਰ ਅਪਨਾਉਣ ਦਾ ਨਿਓਤਾ ਦਿੰਦਾ ਹੈ । ਲੇਖਕ ਅਨੁਸਾਰ ‘ਜ਼ਿੰਦਗੀ ਦੇ ਬੋਝ ਨੂੰ ਚੁੱਕਦਾਂ ਤਾਂ ਹਰ ਇਨਸਾਨ ਹੀ ਹੈ, ਪਰ ਜੇ ਉਹ ਇਸ ਬੋਝ ਨੂੰ ਚੁੱਕ ਕੇ ਜਾ ਵੀ ਸਕਦਾ ਹੋਵੇ ਤਾਂ ਕੋਈ ਰੀਸ ਨਹੀਂ । ਜ਼ਿੰਦਗੀ ਦੇ ਦੁੱਖ-ਸੁੱਖ ਮਿਲ ਕੇ ਹੀ ਜ਼ਿੰਦਗੀ ਨੂੰ ਜੀਊਂਣ-ਯੋਗ ਬਣਾਉਂਦੇ ਹਨ । ਜਿਥੇ ਇਨਸਾਨ ਇਨ੍ਹਾਂ ਦੋਹਾਂ ਨੂੰ ਹੀ ਸਲੀਕੇ ਨਾਲ ਸਹਿਣ ਦਾ ਆਦੀ ਹੋ ਜਾਵੇ, ਉਥੇ ਜ਼ਿੰਦਗੀ ਸੁਖਾਵੀ ਹੋ ਜਾਂਦੀ ਹੈ । ਇਸ ਤਰ੍ਹਾਂ ਹੱਸ-ਹੱਸ ਕੇ ਜ਼ਿੰਦਗੀ ਨੂੰ ਮਿਲਣ ਦਾ ਸੁਨੇਹਾ ਇਨ੍ਹਾਂ ਲੇਖਾਂ ਰਾਹੀਂ ਦਿੱਤਾ ਗਿਆ ਹੈ । ਇਨ੍ਹਾਂ ਲੇਖਾਂ ਦੇ ਵਿਸ਼ੇ ਰੋਜ਼ਾਨਾ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧ ਰੱਖਦੇ ਹਨ । ਜਿਵੇ : ‘ਜ਼ਿੰਦਗੀ ਕੁਝ ਗੂੜ੍ਹੇ ਰੰਗਾਂ ਦੀ ਇਬਾਰਤ’, ‘ਪ੍ਰਸੰਨਤਾ ਨੂੰ ਲੱਭਦੇ-ਲੱਭਦੇ’, ‘ਤਾਜ਼ੇ ਫਲਾਂ ਵਰਗਾ ਮਾਨਸਿਕ ਖਿੜਾਓ’, ‘ਨਿੱਕੇ-ਨਿੱਕੇ ਕੰਮਾਂ ਦੇ ਰੁਝੇਵੇ’, ‘ਬੁਢਾਪੇ ਦਾ ਸਹਿਜ ਗਿਆਨ ਤੇ ਜ਼ਿੰਦਗੀ ਦੀ ਪੈੜ-ਚਾਲ’, ‘ਦੁੱਖਾਂ-ਸੁੱਖਾਂ ਦੇ ਗਹਿਰੇ ਸਾਗਰ ਦੀਆ ਡੁਬਕੀਆਂ’, ‘ਨਿੱਕੇ-ਨਿੱਕੇ ਚਾਅ ਅਤੇ ਖੁਸ਼ੀਆਂ’, ‘ਜ਼ਿੰਦਗੀ ਦੇ ਮਿੱਠੇ ਚਸ਼ਮੇ’ ਆਦਿ । ਇਸ ਪੁਸਤਕ ਦੀ ਇਹ ਵਿਸ਼ੇਸਤਾ ਹੈ ਕਿ ਆਪਣੇ ਵਿਸ਼ਿਆਂ ਦੀ ਵਿਆਖਿਆ ਕਰਦੇ ਸਮੇਂ ਲੇਖਕ ਨੇ ਉਦਾਹਰਣਾਂ ਵੀ ਸਾਡੀ ਆਮ ਜ਼ਿੰਦਗੀ ਵਿਚੋਂ ਹੀ ਲਈਆਂ ਹਨ ।