ਗਿਆਨੀ ਹਰਿਬੰਸ ਸਿੰਘ ਜੀ ਨੇ ਸਤਿਗੁਰੂ ਦੀ ਇਸ ਮਹਾਨ ਸਿੱਖਿਆ ਤੇ ਸੰਦੇਸ਼ ਨੂੰ ਜਿਵੇਂ ਆਪ ਸਮਝਿਆ ਹੈ ਤਿਵੇਂ ਹੀ ਉਸ ਨੂੰ ਇਸ ਸਟੀਕ ਰਾਹੀਂ ਪੇਸ਼ ਕਰਨ ਅਤੇ ਪਾਠਕਾਂ ਨਾਲ ਸਾਂਝ ਪਾਉਣ ਦਾ ਇਹ ਲਾਭਦਾਇਕ ਜਤਨ ਕੀਤਾ ਹੈ । ਇਸ ਦੀ ਤਿਆਰੀ ਲਈ ਅਪਣਾਈ ਗਈ ਵਿਧੀ ਉਹੋ ਹੈ ਜੋ ਆਪ ਨੇ ਪਾਵਨ ਬੀੜ ਦੇ ਉਕਤ ‘ਦਰਸ਼ਨ-ਨਿਰਣੈ’ ਕਾਨੀਬੰਦ ਕਰਨ ਲਈ ਵਰਤਣੀ ਆਰੰਭੀ ਹੋਈ ਹੈ । ਇਸ ਬਾਣੀ ਦੇ ਮੂਲ ਪਾਠ ਨੂੰ ਵੀ ਪਊੜੀ ਵਾਰ ਉਵੇਂ ਹੀ ਲੋੜੀਂਦੇ ਬਿਸਰਾਮ ਚਿੰਨਾਂ ਨਾਲ ਸਜਾ ਕੇ ਉਸ ਦੇ ਪਦ-ਅਰਥ, ਤੁਕ-ਅਰਥ, ਅਰਥ ਭੇਦ ਅਤੇ ਨਿਰਣੈ ਨਾਲੋਂ ਨਾਲ ਦੇ ਦਿੱਤੇ ਹਨ । ਹਰ ਪਉੜੀ ਦੇ ਅਜਿਹੇ ਨਿਰਣੈ ਤੇ ਅਰਥ-ਭਾਵ ਦੇਣ ਤੋਂ ਬਾਅਦ, ਉਸ ਦੇ ਸਾਰੰਸ਼ ਤੇ ਸਿਧਾਂਤ ਨੂੰ ਵੀ ਵਿਦਤ ਕਰ ਦਿੱਤਾ ਹੈ ਤਾਂ ਜੋ ਪਾਠਕ ਜਨ ਸਮੂਹ ਬਾਣੀ ਦੇ ਮੂਲ ਆਸ਼ੇ ਤੇ ਵਿਸ਼ੇ-ਵਸਤੂ ਨੂੰ ਭਲੀ ਪਰਕਾਰ ਸਮਝ ਕੇ ਲੋੜੀਂਦਾ ਲਾਭ ਉਠਾ ਸਕਣ ।