ਭਗਤ ਬਾਣੀ ਗੁਰਬਾਣੀ ਦਾ ਅਨਿਖੜਵਾ ਅੰਗ ਹੈ । ਭਗਤ ਕਬੀਰ ਜੀ ਭਗਤਾਂ ਦੇ ਸਿਰਮੋਰ ਹਨ ਅਤੇ ਸਭ ਤੋਂ ਵਧ ਆਪ ਜੀ ਦੀ ਮੌਲਿਕ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਇਮਾਨ ਹੈ । ਭਗਤ ਜੀ ਦੇ ਸਲੋਕਾਂ ਦੀ ਸ਼ੈਲੀ ਤੇ ਸ਼ਬਦਾਵਲੀ, ਸੌਖੀ, ਸੋਹਣੀ ਤੇ ਮਨਮੋਹਣੀ ਹੈ । ਵਾਸਤਵ ਵਿਚ ਲੋਕ ਬੋਲੀ ਮਿੱਠੀ ਤੇ ਰਸਦਾਇਕ ਹੁੰਦੀ ਹੈ । ਜਗਿਆਸੂ ਜਨ ਚਲਦਿਆਂ-ਫਿਰਦਿਆਂ ਉਠਦਿਆਂ-ਬਹਿੰਦਿਆਂ, ਜਾਗਦਿਆਂ-ਸੌਂਦਿਆਂ ਸੁਤੇ ਹੀ ਰਸ-ਭਿੰਨੇ ਸਲੋਕਾਂ ਦਾ ਆਪਣੀ ਰਸਨਾ ਉਤੇ ਉਚਾਰਨ ਕਰਦੇ ਰਹਿੰਦੇ ਹਨ । ਕਬੀਰ ਜੀ ਦੀ ਸੁਗੰਧਤ ਨਾਮ-ਕਮਾਈ ਤੋਂ ਹਰੇਕ ਜਗਿਆਸੂ ਪ੍ਰਭਾਵਤ ਹੈ ਕਿਉਂਕਿ ਇਹ ਨਿਰੋਲ ਸੱਚ ਉਤੇ ਅਧਾਰਤ ਹੈ । ਆਪੋ ਆਪਣੀ ਥਾਂ ਤੇ ਸਾਰੇ ਭਗਤ ਮਾਨਨੀਕ ਹਨ ਪਰ ਭਗਤ ਕਬੀਰ ਜੀ ਦੀ ਰਚਨਾ ਵਿਚ ਨਾਮ-ਸਿਮਰਨ, ਨਿਮਰਤਾ ਅਤੇ ਸਚੋ-ਸੱਚ ਦੀ ਵਿਲਖਣਤਾ ਤੇ ਜੋ ਬਲ ਦਿੱਤਾ ਗਿਆ ਹੈ, ਉਸ ਲਾਸਾਨੀ ਹੈ ।